Punjab News: ਪੰਜਾਬ 'ਚ ਅੱਜ ਚੱਲੇਗਾ ਇੰਟਰਨੈੱਟ? ਹਾਈਕੋਰਟ 'ਚ ਪਹੁੰਚਿਆ ਮਾਮਲਾ
Punjab News: ਪੰਜਾਬ ਅੰਦਰ ਪਿਛਲੇ ਚਾਰ ਦਿਨਾਂ ਤੋਂ ਮੋਬਾਈਲ ਇੰਟਰਨੈੱਟ ਬੰਦ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦਿਆਂ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਇੰਟਰਨੈੱਟ ਸੇਵਾ ਬੰਦ ਕੀਤੇ ਜਾਣ ਖ਼ਿਲਾਫ਼...
Punjab News: ਪੰਜਾਬ ਅੰਦਰ ਪਿਛਲੇ ਚਾਰ ਦਿਨਾਂ ਤੋਂ ਮੋਬਾਈਲ ਇੰਟਰਨੈੱਟ ਬੰਦ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦਿਆਂ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਇੰਟਰਨੈੱਟ ਸੇਵਾ ਬੰਦ ਕੀਤੇ ਜਾਣ ਖ਼ਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਸੂਤਰਾਂ ਮੁਤਾਬਕ ਅੱਜ ਇੰਟਰਨੈੱਟ ਸੇਵਾ ਬਹਾਲ ਹੋ ਸਕਦੀ ਹੈ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਨਤਕ ਵਿਵਸਥਾ ਬਣਾਈ ਰੱਖਣ ਲਈ ਮੋਬਾਈਲ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਪਹਿਲਾਂ ਉਮੀਦ ਸੀ ਕਿ ਸੋਮਵਾਰ ਨੂੰ ਇੰਟਰਨੈੱਟ ਸੇਵਾ ਬਹਾਲ ਹੋ ਜਾਏਗੀ ਪਰ ਸਰਕਾਰ ਨੇ ਪੂਰੇ ਸੂਬੇ ’ਚ ਮੋਬਾਈਲ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਦੀ ਮੁਅੱਤਲੀ ਮੰਗਲਵਾਰ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਸੀ।
ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਵਿੱਢੀ ਗਈ ਕਾਰਵਾਈ ਤੋਂ ਬਾਅਦ ਸੂਬੇ ਵਿੱਚ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਬੰਦ ਹੋਣ ਕਰਕੇ ਆਮ ਜੀਵਨ ’ਤੇ ਕਾਫੀ ਅਸਰ ਪੈ ਰਿਹਾ ਹੈ। ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਰਕੇ ਲੋਕਾਂ ਦੇ ਕਾਰੋਬਾਰ ਤੇ ਬੱਚਿਆ ਦੀ ਪੜ੍ਹਾਈ ’ਤੇ ਵੀ ਕਾਫੀ ਅਸਰ ਪਿਆ ਹੈ। ਇੰਟਰਨੈੱਟ ਸੇਵਾ ਬੰਦ ਹੋਣ ਕਰਕੇ ਆਨਲਾਈਨ ਕਾਰੋਬਾਰ ਕਰਨ ਵਾਲਿਆਂ ਦੀਆਂ ਦਿੱਕਤਾਂ ਵਧ ਗਈਆਂ।
ਸੂਬੇ ’ਚ ਆਨਲਾਈਨ ਖਰੀਦਦਾਰੀ ਕਰਨ ਤੇ ਡਿਜੀਟਲ ਪੈਮੇਂਟ ਸਿਸਟਮ ਵੀ ਠੱਪ ਹੋ ਗਿਆ ਹੈ। ਅਜੋਕੇ ਸਮੇਂ ਲੋਕ ਆਪਣੇ ਕੋਲ ਨਗ਼ਦੀ ਰੱਖਣ ਦੀ ਥਾਂ ਡਿਜੀਟਲ ਪੈਮੇਂਟ ਰਾਹੀ ਰੋਜ਼ਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਕਰਦੇ ਹਨ। ਵੱਡੀ ਗਿਣਤੀ ਲੋਕ ਦੁਕਾਨਾਂ ’ਤੇ ਖਰੀਦਦਾਰੀ ਕਰਨ ਵੇਲੇ ਗੂਗਲ ਪੇਅ, ਫੋਨ ਪੇਅ ਜਾਂ ਡਿਜੀਟਲ ਪੈਮੇਂਟ ਦੀ ਵਾਧੂ ਵਰਤੋਂ ਕਰਦੇ ਹਨ, ਪਰ ਪੰਜਾਬ ਵਿੱਚ ਪਿਛਲੇ ਚਾਰ ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਹੋਣ ਕਰਕੇ ਲੋਕਾਂ ਨੂੰ ਡਿਜੀਟਲ ਲੈਣ-ਦੇਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Sikh Protest: ਖਾਲਿਸਤਾਨ ਪੱਖੀਆਂ ਵੱਲੋਂ ਭਾਰਤੀ ਦੂਤਾਵਾਸ 'ਤੇ ਹਮਲੇ ਮਗਰੋਂ ਭਾਰਤ ਨੇ ਅਮਰੀਕਾ ਨੂੰ ਵਿਖਾਏ ਸਖ਼ਤ ਤੇਵਰ
ਇਸ ਦਾ ਅਸਰ ਪੰਜਾਬ ਦੇ ਕਾਰੋਬਾਰ ’ਤੇ ਵੀ ਪਿਆ ਹੈ। ਦੂਜੇ ਪਾਸੇ ਪੰਜਾਬ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਹਨ। ਪ੍ਰੀਖਿਆ ਸਮੇਂ ਵੀ ਵੱਡੀ ਗਿਣਤੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਦੇ ਹਨ, ਜਿਸ ਕਰਕੇ ਉਨ੍ਹਾਂ ਵਿਦਿਆਰਥੀਆਂ ਦੀ ਸਿੱਖਿਆ ਵੀ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਵਿੱਚ ਇੰਟਰਨੈੱਟ ਸੇਵਾ ਬੰਦ ਹੈ ਪਰ ਵੱਖ-ਵੱਖ ਬੈਂਕਾਂ ਦੇ ਏਟੀਐਮ ਚੱਲ ਰਹੇ ਹਨ। ਇੰਟਰਨੈੱਟ ਸੇਵਾ ਬੰਦ ਹੋਣ ਕਰਕੇ ਏਟੀਐਮ ’ਤੇ ਵੀ ਰੁਪਏ ਕਢਵਾਉਣ ਵਾਲੇ ਵੱਡੀ ਗਿਣਤੀ ਲੋਕ ਪਹੁੰਚ ਰਹੇ ਹਨ। ਇਸ ਕਰਕੇ ਕਈ ਏਟੀਐਮਾਂ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਵੀ ਲੱਗੀਆਂ ਦੇਖੀਆਂ ਗਈਆਂ।