ਅਕਾਲੀ ਦਲ ਦੇ ਦਾਅਵਿਆਂ ਦੀ ਜਾਂਚ ਲਈ ਕਮੇਟੀ ਕਾਇਮ

ਚੰਡੀਗੜ੍ਹ: ਬੇਅਦਬੀ ਕਾਂਡ ਦੀ ਰਿਪੋਰਟ ਮਾਮਲੇ 'ਚ ਸੁਖਪਾਲ ਖਹਿਰਾ, ਤ੍ਰਿਪਤ ਰਾਜਿੰਦਰ ਬਾਜਵਾ ਤੇ ਜਸਟਿਸ ਰਣਜੀਤ ਸਿੰਘ 'ਤੇ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਵੱਲੋਂ ਕਾਲ ਰਿਕਾਰਡ ਦੇ ਦਾਅਵੇ ਦੀ ਜਾਂਚ ਲਈ ਸਰਕਾਰ ਨੇ ਕਮੇਟੀ ਬਣਾ ਦਿੱਤੀ ਹੈ। ਦੂਜੇ ਪਾਸੇ ਅਕਾਲੀ ਦਲ ਨੇ ਟਾਵਰ ਲੋਕੇਸ਼ਨਾਂ ਦੀ ਤਫਤੀਸ਼ ਕਰਨ ਲਈ ਬਣਾਈ ਕਮੇਟੀ ਨੂੰ ਖਾਰਜ ਕਰ ਦਿੱਤਾ ਹੈ।
ਦਰਅਸਲ ਅਕਾਲੀ ਦਲ ਵੱਲੋਂ ਸੁਖਪਾਲ ਖਹਿਰਾ, ਕਾਂਗਰਸ ਨੇਤਾ ਤ੍ਰਿਪਤ ਰਾਜਿੰਦਰ ਬਾਜਾਵਾ ਤੇ ਜਸਟਿਸ ਰਣਜੀਤ ਸਿੰਘ (ਸੇਵਾਮੁਕਤ) 'ਤੇ ਇਲਜ਼ਾਮ ਲਾਏ ਗਏ ਹਨ ਕਿ ਇਨ੍ਹਾਂ ਨੇ ਮਿਲ ਕੇ ਰਿਪੋਰਟ ਤਿਆਰ ਕੀਤੀ ਹੈ। ਇਨ੍ਹਾਂ ਦੀਆਂ ਕਾਲ ਰਿਕਾਰਡ ਦਾ ਵੀ ਦਾਅਵਾ ਕੀਤਾ। ਇਸ ਤੋਂ ਬਾਅਦ ਜਾਂਚ ਕਮੇਟੀ ਬਣਾਈ ਗਈ ਜਿਸ ਦੇ ਚੇਅਰਮੈਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਯੁਕਤ ਕੀਤਾ ਗਿਆ ਪਰ ਅਕਾਲੀ ਦਲ ਨੇ ਇਸ ਕਮੇਟੀ ਨੂੰ ਖਾਰਜ ਕਰ ਦਿੱਤਾ।
ਅਕਾਲੀ ਲੀਡਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਿਸੇ ਕੈਬਨਿਟ ਮੰਤਰੀ ਨੂੰ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਬਜਾਏ ਕਿਸੇ ਐਮਐਲਏ ਨੂੰ ਬਣਾਉਣਾ ਚਾਹੀਦਾ ਸੀ। ਢੀਂਡਸਾ ਨੇ ਦਾਅਵਾ ਕੀਤਾ ਕਿ ਟਾਵਰ ਲੋਕੇਸ਼ਨ ਬਿਲਕੁਲ ਸੱਚੇ ਹਨ ਪਰ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਨੇ ਰਲ ਕੇ ਹੀ ਇਹ ਰਿਪੋਰਟ ਤਿਆਰ ਕੀਤੀ ਹੈ। ਢੀਂਡਸਾ ਨੇ ਇਹ ਵੀ ਕਿਹਾ ਕਿ ਕਮੇਟੀ ਸਿਰਫ ਟਾਵਰ ਲੋਕੇਸ਼ਨ ਦੀ ਹੀ ਨਹੀਂ ਬਲਕਿ ਪੂਰੀ ਰਿਪੋਰਟ ਦੇ ਤੱਥਾਂ ਦੀ ਤਫਤੀਸ਼ ਕਰੇ।
ਅੱਜ ਵਿਧਾਨ ਸਭਾ 'ਚ ਦਾਖਲ ਹੁੰਦਿਆਂ ਅਕਾਲੀ ਦਲ ਨੇ ਮੁੜ ਤੋਂ ਬੇਅਦਬੀ ਮਾਮਲਿਆਂ ਦੀ ਰਿਪੋਰਟ ਖੇਰੂੰ-ਖੇਰੂੰ ਕਰ ਦਿੱਤੀ ਤੇ ਫਿਰ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਸ਼ੋਰ-ਸ਼ਰਾਬਾ ਕਰਦਿਆਂ ਸਦਨ ਵਿੱਚੋਂ ਵਾਕਆਊਟ ਕੀਤਾ।






















