ਅੰਬਾਲਾ: ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਪੰਵਾਰ ਨੇ ਡੇਰਾ ਸਿਰਸਾ ਮੁਖੀ ਦੀ ਕਥਿਤ ਧੀ ਹਨੀਪ੍ਰੀਤ ਨੂੰ ਵੀ.ਆਈ.ਪੀ. ਸੁਵਿਧਾਵਾਂ ਦਿੱਤੇ ਜਾਣ ਦੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਹਨੀਪ੍ਰੀਤ ਨੂੰ ਐਸ਼ੋ-ਇਸ਼ਰਤ ਵਾਲੀਆਂ ਸੁਵਿਧਾਵਾਂ ਮਿਲਣ ਦੀਆਂ ਗੱਲਾਂ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਲਈ ਅੱਜ ਜੇਲ੍ਹ ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਸੀ ਕਿ ਉਹ ਖ਼ੁਦ ਜੇਲ੍ਹ ਜਾ ਕੇ ਇਸ ਮਸਲੇ ਦੀ ਜਾਂਚ ਕਰਨਗੇ।
ਅੱਜ ਅੰਬਾਲਾ ਜੇਲ੍ਹ ਦੇ ਦੌਰੇ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਹਨੀਪ੍ਰੀਤ ਨੂੰ ਕਿਸੇ ਵੀ ਤਰ੍ਹਾਂ ਦੀ ਵੀ.ਆਈ.ਪੀ. ਸੁਵਿਧਾ ਨਹੀਂ ਦਿੱਤੀ ਜਾ ਰਹੀ। ਪੰਵਾਰ ਮੁਤਾਬਕ ਉਸ ਨਾਲ ਬਿਲਕੁਲ ਉਸੇ ਤਰ੍ਹਾਂ ਦਾ ਵਿਹਾਰ ਹੋ ਰਿਹਾ ਹੈ, ਜੋ ਇੱਕ ਆਮ ਹਵਾਲਾਤੀ ਨਾਲ ਹੁੰਦਾ ਹੈ।
ਜ਼ਿਕਰਯੋਗ ਹੈ ਬੀਤੇ ਦਿਨੀਂ ਹਨੀਪ੍ਰੀਤ ਨਾਲ ਮੁਲਾਕਾਤ ਕਰਨ ਆਏ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਾਰ ਵਿੱਚ ਹੀ ਜੇਲ੍ਹ ਦੇ ਅੰਦਰ ਜਾਣ ਦਿੱਤਾ ਗਿਆ ਸੀ ਤੇ ਇਸ ਤੋਂ ਪਹਿਲਾਂ ਵੀ ਹਨੀਪ੍ਰੀਤ ਨੂੰ ਜੇਲ੍ਹ ਵਿੱਚ ਐਸ਼ ਆਰਾਮ ਵਾਲੀ ਸੁੱਖ ਸੁਵਿਧਾਵਾਂ ਦਿੱਤੇ ਜਾਣ ਦੀਆਂ ਗੱਲਾਂ ਉੱਡੀਆਂ ਸਨ।