ਪਾਨੀਪਤ: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਨੂੰ ਕੈਦੀ ਹੋਣ ਦੇ ਬਾਵਜੂਦ ਐਸ਼ੋ ਆਰਾਮ ਤੇ ਸਹੂਲਤਾਂ ਦੀਆਂ ਖ਼ਬਰਾਂ ਸੱਚ ਜਾਪਦੀਆਂ ਹਨ। ਪਹਿਲਾਂ ਜੇਲ੍ਹ 'ਚੋਂ ਇਲਾਜ ਲਈ ਬਾਹਰ ਆਏ ਇੱਕ ਕੈਦੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਤੇ ਹੁਣ ਪ੍ਰਸ਼ਾਸਨ ਵੱਲੋਂ ਰਾਮ ਰਹੀਮ ਬਾਰੇ ਕੋਈ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ ਵੀ ਕੁਝ ਅਜਿਹਾ ਹੀ ਇਸ਼ਾਰਾ ਕਰਦਾ ਹੈ। ਜੇਲ੍ਹ ਅਧਿਕਾਰੀਆਂ ਨੇ ਤਾਂ ਬਲਾਤਕਾਰੀ ਬਾਬੇ ਬਾਰੇ ਜਾਣਕਾਰੀ ਦੇਣ ਲਈ ਆਗਿਆ ਮੰਗਣ ਹਿਤੁ ਰਾਮ ਰਹੀਮ ਨੂੰ ਹੀ ਪੱਤਰ ਲਿਖ ਦਿੱਤਾ ਹੈ।

ਪਾਨੀਪਤ ਦੇ ਸਮਾਲਖਾ ਦੇ ਆਰ.ਟੀ.ਆਈ. ਕਾਰਕੁਨ ਪੀ.ਪੀ. ਕਪੂਰ ਨੇ ਸੂਚਨਾ ਅਧਿਕਾਰ ਕਾਨੂੰਨ ਦੀ ਵਰਤੋਂ ਕਰਦਿਆਂ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਤੋਂ ਕੁਝ ਸਵਾਲ ਪੁੱਛੇ ਸਨ। ਉਸ ਨੇ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਬਲਾਤਕਾਰੀ ਦਾ ਬਚਾਅ ਕਰ ਰਹੇ ਹਨ। ਬਲਾਤਕਾਰੀ ਬਾਬੇ ਨੂੰ ਜੇਲ੍ਹ ਵਿੱਚ ਵੀ.ਵੀ.ਆਈ.ਪੀ. ਸਹੂਲਤਾਂ ਦਿੱਤੀਆਂ ਜਾ ਰਹੀਆਂ।

ਉਸ ਨੇ ਇਸ ਸੰਦਰਭ ਵਿੱਚ ਜੇਲ੍ਹ ਪ੍ਰਸ਼ਾਸਨ ਤੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਸਨ, ਜਿਸ ਵਿੱਚ ਡੇਰਾ ਮੁਖੀ ਨੂੰ ਕਿਸ ਸ਼੍ਰੇਣੀ ਦੀਆਂ ਸਹੂਲਤਾਂ, ਖਾਣ-ਪੀਣ ਕਿਹੋ ਜਿਹਾ ਹੈ, ਖਾਣੇ 'ਤੇ ਕਿੰਨਾ ਖਰਚ ਕੀਤਾ ਜਾਂਦਾ ਹੈ, ਜੇਲ੍ਹ ਵਿੱਚ ਉਸ ਤੋਂ ਕੀ ਕੰਮ ਕਰਵਾਇਆ ਜਾਂਦਾ ਹੈ, ਜੇਲ੍ਹ ਤੋਂ ਉਸ ਨੂੰ ਕਿੰਨੇ ਭਾਂਡੇ, ਕੱਪੜੇ, ਬਿਸਤਰੇ, ਫਰਨੀਚਰ ਆਦਿ ਦਿੱਤਾ ਗਿਆ ਹੈ, ਬਾਰੇ ਸਵਾਲ ਸ਼ਾਮਲ ਸਨ।

ਅਧਿਕਾਰੀਆਂ ਨੇ ਇਸ ਦੇ ਜਵਾਬ ਤਾਂ ਕੀ ਦੇਣੇ ਸੀ, ਉਨ੍ਹਾਂ ਇਸ ਬਾਰੇ ਜਾਣਕਾਰੀ ਦੇਣ ਲਈ ਉਲਟਾ ਬਲਾਤਕਾਰੀ ਬਾਬੇ ਨੂੰ ਹੀ ਚਿੱਠੀ ਲਿਖ ਕੇ ਜਾਣਕਾਰੀ ਦੇਣ ਦੀ ਇਜਾਜ਼ਤ ਮੰਗੀ ਹੈ।