Jalandhar by election: ਵਿਧਾਇਕ ਸ਼ੇਰੋਵਾਲੀਆ ਖਿਲਾਫ ਕੇਸ ਤੋਂ ਭੜਕੀ ਕਾਂਗਰਸ, 'ਆਪ' ਸਾਰਕਾਰ 'ਤੇ ਲਾਏ ਵੱਡੇ ਇਲਜ਼ਾਮ
Jalandhar by election: ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਕੇਸ ਦਰਜ ਹੋਣ ਮਗਰੋਂ ਮੁੜ ਸਿਆਸੀ ਮਾਹੌਲ ਤਲਖ ਹੋ ਗਿਆ ਹੈ। ਕਾਂਗਰਸ ਨੇ ਆਪਣੇ ਵਿਧਾਇਕ ਸ਼ੇਰੋਵਾਲੀਆ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ।
Jalandhar by election: ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਕੇਸ ਦਰਜ ਹੋਣ ਮਗਰੋਂ ਮੁੜ ਸਿਆਸੀ ਮਾਹੌਲ ਤਲਖ ਹੋ ਗਿਆ ਹੈ। ਕਾਂਗਰਸ ਨੇ ਆਪਣੇ ਵਿਧਾਇਕ ਸ਼ੇਰੋਵਾਲੀਆ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਕਿਹਾ ਹੈ ਕਿ ਸ਼ੇਰੋਵਾਲੀਆ ਨੇ 10 ਮਈ ਨੂੰ ਲੋਕ ਸਭਾ ਜ਼ਿਮਨੀ ਚੋਣ ਵਾਲੇ ਦਿਨ ਜਲੰਧਰ ਵਿੱਚ ‘ਆਪ’ ਵਿਧਾਇਕਾਂ ਦੀ ਗੈਰਕਾਨੂੰਨੀ ਮੌਜੂਦਗੀ ਦਾ ਵਿਰੋਧ ਕੀਤਾ ਸੀ ਜਿਸ ਕਰਕੇ ਝੂਠਾ ਕੇਸ ਦਰਜ ਕੀਤਾ ਗਿਆ ਹੈ।
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ ਗ਼ੈਰਜ਼ਮਾਨਤੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਗ਼ੈਰਕਾਨੂੰਨੀ ਗਤੀਵਿਧੀਆਂ ’ਤੇ ਝਾਤ ਮਾਰਨ ਦੀ ਥਾਂ ‘ਆਪ’ ਸਰਕਾਰ ਨੇ ਗ਼ਲਤ ਕੰਮ ਹੋਣ ਤੋਂ ਰੋਕਣ ਵਾਲੇ ‘ਤੇ ਹੀ ਕੇਸ ਦਰਜ ਕੀਤਾ। ਬਾਜਵਾ ਨੇ ਕਿਹਾ ਕਿ “ਅਸੀਂ ਆਪਣੇ ਸਾਥੀ ਨਾਲ ਦ੍ਰਿੜਤਾ ਨਾਲ ਖੜ੍ਹੇ ਹੋਵਾਂਗੇ।’’ ਬਾਜਵਾ ਨੇ ਕਿਹਾ,‘‘ਖਹਿਰਾ ਦੇ ਮਾਮਲੇ ਵਿੱਚ ਸਚਾਈ ਦੀ ਜਿੱਤ ਹੋਈ ਹੈ ਤੇ ਮੈਨੂੰ ਯਕੀਨ ਹੈ ਕਿ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਮਾਮਲੇ ਵਿੱਚ ਵੀ ਸਚਾਈ ਦੀ ਜਿੱਤ ਹੋਵੇਗੀ।’’
ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣ ਦੌਰਾਨ ਵੋਟਾਂ ਵਾਲੇ ਦਿਨ ਕਾਂਗਰਸੀ ਆਗੂਆਂ ਵੱਲੋਂ ਬਾਹਰਲੇ ਬੰਦਿਆਂ ਨੂੰ ਫੜਨਾ ਮਹਿੰਗਾ ਪੈ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ‘ਆਪ’ ਵਿਧਾਇਕ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੀ ਸ਼ਿਕਾਇਤ ’ਤੇ ਕਾਂਗਰਸੀ ਵਿਧਾਇਕ ਸ਼ੇਰੋਵਾਲੀਆ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਜਬਰੀ ਉਨ੍ਹਾਂ ਦੀ ਗੱਡੀ ਨੂੰ ਘੇਰਨ ਸਬੰਧੀ ਕੇਸ ਦਰਜ ਕੀਤਾ ਹੈ।
ਹਾਸਲ ਜਾਣਕਾਰੀ ਅਨੁਸਾਰ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਬਾਬਾ ਬਕਾਲਾ ਤੋਂ ‘ਆਪ’ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਗੱਡੀ ਨੂੰ ਘੇਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ। ਇਸ ਦੌਰਾਨ ਸ਼ੇਰੋਵਾਲੀਆ ਆਪਣੇ ਫੇਸਬੁੱਕ ’ਤੇ ਲਾਈਵ ਵੀ ਹੋਏ ਸਨ ਤੇ ਉਨ੍ਹਾਂ ਵਿਧਾਇਕ ਟੌਂਗ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਸੀ।
ਹੁਣ ਪੁਲਿਸ ਨੇ ਵਿਧਾਇਕ ਦੇ ਡਰਾਈਵਰ ਦੀ ਸ਼ਿਕਾਇਤ ਦੇ ਆਧਾਰ ’ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਬਲਾਕ ਸਮਿਤੀ ਲੋਹੀਆਂ ਖਾਸ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਆਕਾਸ਼ਪ੍ਰੀਤ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਬਲਰਾਜ ਸਿੰਘ ਜੰਮੂ, ਸਰਪੰਚ ਹਰਜਿੰਦਰ ਸਿੰਘ, ਹਰਦੀਪ ਸਿੰਘ ਕੁੱਕੂ, ਸੁਰਿੰਦਰ ਸਿੰਘ, ਚੈਂਚਲ ਸਿੰਘ, ਸਰੂਪ ਸਿੰਘ ਤੇ ਸ਼ੇਰੋਵਾਲੀਆ ਦਾ ਪੀਏ ਸੁਖਦੀਪ ਸਿੰਘ ਸੋਨੂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸੇ ਦੌਰਾਨ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਖ਼ਿਲਾਫ਼ ਦਰਜ ਕੀਤੇ ਗਏ ਕੇਸ ਸਬੰਧੀ ਅੱਜ ਸ਼ਾਮ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਅਵਤਾਰ ਹੈਨਰੀ, ਲਾਡੀ ਸ਼ੇਰੋਵਾਲੀਆ, ਰਜਿੰਦਰ ਬੇਰੀ ਤੇ ਹੋਰ ਕਾਂਗਰਸੀ ਆਗੂ ਜਲੰਧਰ ਦੇ ਐਸਐਸਪੀ ਨੂੰ ਮਿਲੇ।
ਕਾਂਗਰਸੀ ਆਗੂਆਂ ਅਨੁਸਾਰ ਐਸਐਸਪੀ ਨੇ ਇਸ ਕੇਸ ਸਬੰਧੀ ਸਿਟ ਕਾਇਮ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਟ ਦੀ ਰਿਪੋਰਟ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਸਿਟ ਦੇ ਮੈਂਬਰ ਡੀਆਈਜੀ ਤੈਅ ਕਰਨਗੇ। ਉਨ੍ਹਾਂ ਕਿਹਾ ਪ੍ਰਸ਼ਾਸਨ ਵੱਲੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਕੇਸਾਂ ਅੱਗੇ ਪਾਰਟੀ ਕਦੇ ਨਹੀਂ ਝੁਕੇਗੀ ਤੇ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਵਾਲੇ ਦਿਨ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਨੇ ਲਾਡੀ ਸ਼ੇਰੋਵਾਲੀਆ ਤੇ ਹੋਰਨਾਂ ਵਿਰੁੱਧ ਜ਼ਬਰਦਸਤੀ ਕਾਰ ’ਚੋਂ ਚਾਬੀ ਕੱਢਣ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਸੀ।