ਜਲੰਧਰ: ਸਥਾਨਕ ਪੁਲਿਸ ਨੇ ਜਤਿੰਦਰ ਸਿੰਘ ਨਾਂ ਦੇ ਇੱਕ ਟੈਕਸੀ ਡਰਾਈਵਰ ਨੂੰ ਕਾਬੂ ਕੀਤਾ ਹੈ ਜੋ ਪਿਛਲੇ 26 ਮਹੀਨਿਆਂ ਤੋਂ ਮਹਿਲਾ ਡੀਐਸਪੀ ਦਾ ਆਈਡੀ ਕਾਰਡ ਦਿਖਾ ਕੇ ਲੋਕਾਂ ਨੂੰ ਚੂਨਾ ਲਾ ਰਿਹਾ ਸੀ। ਉਸ 'ਤੇ ਆਈਡੀ ਕਾਰਡ ਦਿਖਾ ਕੇ ਲੋਕਾਂ ਤੋਂ ਪੈਸੇ ਠੱਗਣ ਤੇ ਬਿਨਾ ਟੋਲ ਦਿੱਤੇ ਗੱਡੀ ਕੱਢਣ ਦੇ ਇਲਜ਼ਾਮ ਹਨ।

ਪੁਲਿਸ ਮੁਤਾਬਕ ਸੀਆਈਏ ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਪਠਾਨਕੋਟ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕਰ ਰਹੇ ਸੀ ਤਾਂ ਇਸੇ ਦੌਰਾਨ ਕਾਲ਼ੇ ਫਿਲਮ ਵਾਲੀ ਇਨੋਵਾ ਗੱਡੀ ਨਾਕੇ ਤੋਂ ਨਿਕਲਣ ਲੱਗੀ। ਪੁਲਿਸ ਨੇ ਜਦੋਂ ਰੋਕ ਕੇ ਵੇਖਿਆ ਤਾਂ ਗੱਡੀ ਵਿੱਚ ਕੁਝ ਨਹੀਂ ਸੀ ਪਰ ਡਰਾਈਵਰ ਦੇ ਪਰਸ ਵਿੱਚ ਮਹਿਲਾ ਡੀਐਸਪੀ ਦਾ ਆਈਡੀ ਕਾਰਡ ਤੇ ਡਰਾਈਵਿੰਗ ਲਾਇਸੈਂਸ ਸੀ। ਪੁੱਛਣ 'ਤੇ ਡਰਾਈਵਰ ਨੇ ਡੀਐਸਪੀ ਨੂੰ ਆਪਣੀ ਭਾਬੀ ਤੇ ਫਿਰ ਦੋਸਤ ਦੀ ਭਾਬੀ ਦੱਸਿਆ।

ਜਦੋਂ ਪੁਲਿਸ ਨੇ ਫੋਨ 'ਤੇ ਗੱਲ ਕਰਵਾਉਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਮੋਬਾਈਲ ਨੰਬਰ ਨਹੀਂ। ਪੁਲਿਸ ਨੇ ਸਖ਼ਤੀ ਕੀਤੀ ਤਾਂ ਉਸ ਨੇ ਚੋਰੀ ਦੀ ਗੱਲ ਕਬੂਲ ਲਈ। ਮਹਿਲਾ ਡੀਐਸਪੀ ਅੰਮ੍ਰਿਤਸਰ ਤਾਇਨਾਤ ਹਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਾਰ ਵਿੱਚੋਂ ਉਨ੍ਹਾਂ ਦਾ ਪਰਸ ਚੋਰੀ ਹੋ ਗਿਆ ਸੀ। ਹੁਣ ਪੁਲਿਸ ਥਾਣਾ ਭੋਗਪੁਰ ਵਿੱਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਖ਼ਾਸ ਗੱਲ ਇਹ ਹੈ ਕਿ ਡੀਐਸਪੀ ਡਾ. ਮਨਪ੍ਰੀਤ ਸਿੰਹਮਾਰ (30) ਦੀ ਪਹਿਲੀ ਤਨਖ਼ਾਹ ਹੀ ਉਨ੍ਹਾਂ ਨੂੰ ਨਸੀਬ ਨਹੀਂ ਹੋਈ। ਸੈਲਰੀ ਅਕਾਊਂਟ ਵਾਲਾ ਏਟੀਐਮ ਵੀ ਪਰਸ ਵਿੱਚ ਸੀ ਜਿਸ ਦੇ ਪਿੱਛੇ ਹੀ ਉਨ੍ਹਾਂ ਪਿੰਨ ਲਿਖ ਲਿਆ ਸੀ ਕਿ ਬਾਅਦ ਵਿੱਚ ਬਦਲ ਲੈਣਗੇ ਪਰ ਇਸ ਤੋਂ ਪਹਿਲਾਂ ਹੀ ਪਰਸ ਚੋਰੀ ਹੋ ਗਿਆ। ਮੁਲਜ਼ਮ ਨੇ ਡੀਐਸਪੀ ਦੇ ਏਟੀਐਮ ਤੋਂ 12 ਹਜ਼ਾਰ ਦੀ ਸ਼ਾਪਿੰਗ ਕੀਤੀ।