ਬੁਰੀ ਖ਼ਬਰ ! ਕਬੱਡੀ ਖੇਡਦੇ ਖਿਡਾਰੀ ਦੇ ਸਿਰ 'ਚ ਲੱਗੀ ਸੱਟੀ, ਹੋਈ ਮੌਤ, ਸਾਲ ਪਹਿਲਾਂ ਹੋਇਆ ਸੀ ਵਿਆਹ
ਪਿਤਾ ਨੇ ਕਿਹਾ ਕਿ ਅਮਰ ਘੱਸ ਦੀ ਕਬੱਡੀ ਕਾਰਨ ਹੀ ਮਸਾ ਪਰਿਵਾਰ ਹੌਲੀ ਹੌਲੀ ਗ਼ਰੀਬੀ ਵਿੱਚੋ ਬਾਹਰ ਨਿਕਲ ਰਿਹਾ ਸੀ ਪਰ ਕੀ ਪਤਾ ਸੀ ਕਿ ਹੋਣੀ ਆਪਣਾ ਕਾਰਾ ਵਰਤਾ ਜਾਵੇਗੀ।

Punjab News: ਉੱਘੇ ਖਿਡਾਰੀ ਅਮਰ ਘੱਸ ਦੀ ਮੌਤ ਨਾਲ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਬੀਤੇ ਦਿਨੀ ਜਲੰਧਰ ਦੇ ਜਕੋਪੁਰ ਕਲਾਂ ਲੋਹੀਆਂ ਇਲਾਕੇ ਵਿੱਚ ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਪ੍ਰੀਤ ਘੱਸ ਵਾਸੀ ਪਿੰਡ ਘੱਸ (ਗੁਰਦਾਸਪੁਰ) ਦੀ ਸੱਟ ਲੱਗਣ ਨਾਲ ਮੌਤ ਹੋ ਗਈ। ਜਦੋ ਅਮਰ ਘਸ ਦੀ ਮ੍ਰਿਤਕ ਦੇਹ ਉਹਨਾਂ ਦੇ ਘਰ ਪਹੁੰਚੀ ਤਾਂ ਪਰਿਵਾਰ ਸਮੇਤ ਪੂਰੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਅਤੇ ਹਰ ਦਿਲ ਗ਼ਮਗੀਨ ਨਜ਼ਰ ਆਇਆ।
ਗ਼ਰੀਬੀ ਵਿੱਚ ਉੱਠਿਆ ਸੀ ਖਿਡਾਰੀ
ਪਿਤਾ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਬਹੁਤ ਗਰੀਬੀ ਦੇਖੀ ਅਤੇ ਗਰੀਬੀ ਵਿੱਚ ਹੀ ਆਪਣੇ ਇਕਲੋਤੇ ਪੁੱਤਰ ਅਮਰਪ੍ਰੀਤ ਉਰਫ ਅਮਰ ਘੱਸ ਨੂੰ ਪਾਲਿਆ। ਅੱਠਵੀਂ ਜਮਾਤ ਤੋਂ ਹੀ ਅਮਰ ਨੂੰ ਕਬੱਡੀ ਖੇਡਣ ਦਾ ਸ਼ੌਕ ਪੈ ਗਿਆ ਕਿਉਕਿ ਪਰਿਵਾਰ ਵਿੱਚ ਬਜ਼ੁਰਗਾਂ ਤੋਂ ਹੀ ਭਲਵਾਨੀ ਦਾ ਕਣ ਸੀ ਕਬੱਡੀ ਦੇ ਸ਼ੌਂਕ ਦੇ ਨਾਲ ਨਾਲ 12 ਜਮਾਤ ਤਕ ਪੜ੍ਹਾਈ ਕੀਤੀ ਅਤੇ ਫਿਰ ਕਬੱਡੀ ਖੇਡਣ ਲੱਗ ਪਿਆ। ਪਰਿਵਾਰ ਨੇ ਵੀ ਪੂਰੀ ਖੁਰਾਕ ਦੇ ਕੇ ਆਪਣੇ ਪੁੱਤਰ ਅਮਰ ਘੱਸ ਨੂੰ ਪਾਲਿਆ ਅਤੇ ਅਮਰ ਘਸ ਦਿਨਾਂ ਵਿੱਚ ਹੀ ਜਵਾਨ ਗੱਭਰੂ ਹੋ ਗਿਆ
ਖੇਡਦੇ ਸਮੇਂ ਵਾਪਰਿਆ ਹਾਦਸਾ
ਪਿਤਾ ਨੇ ਕਿਹਾ ਕਿ ਅਮਰ ਘੱਸ ਦੀ ਕਬੱਡੀ ਕਾਰਨ ਹੀ ਮਸਾ ਪਰਿਵਾਰ ਹੌਲੀ ਹੌਲੀ ਗ਼ਰੀਬੀ ਵਿੱਚੋ ਬਾਹਰ ਨਿਕਲ ਰਿਹਾ ਸੀ ਪਰ ਕੀ ਪਤਾ ਸੀ ਕਿ ਹੋਣੀ ਆਪਣਾ ਕਾਰਾ ਵਰਤਾ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਬੁਢਾਪੇ ਵਿੱਚ ਜਵਾਨ ਪੁੱਤਰ ਦੇ ਦੁਨੀਆ ਤੋਂ ਇੰਝ ਚਲੇ ਜਾਣ ਨਾਲ ਉਨ੍ਹਾਂ ਤਾਂ ਲੱਕ ਹੀ ਟੁੱਟ ਗਿਆ ਹੈ ਉਨ੍ਹਾਂ ਦੱਸਿਆ ਕਿ ਇੱਕ ਭੈਣ ਹੈ ਜੋ ਵਿਦੇਸ਼ ਵਿਆਹੀ ਹੋਈ ਹੈ। ਉਸ ਘਟਨਾ ਬਾਰੇ ਦੱਸਦੇ ਪਿਤਾ ਨੇ ਕਿਹਾ ਕਿ ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਵਿੱਚ ਦੂਜੀ ਰੇਡ ਦੌਰਾਨ ਉਸ ਨੂੰ ਡਿੱਗਣ ਕਾਰਨ ਸੱਟ ਲਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇੱਕ ਸਾਲ ਪਹਿਲਾਂ ਹੀ ਅਮਰ ਘੱਸ ਦਾ ਵਿਆਹ ਹੋਇਆ ਸੀ।
ਪਿੰਡ ਵਾਲਿਆਂ ਸਰਕਾਰ ਤੋਂ ਮੰਗੀ ਮਦਦ
ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੇ ਕਬੱਡੀ ਖਿਡਾਰੀ ਅਮਰ ਘੱਸ ਨੇ ਆਪਣੀ ਕਬੱਡੀ ਦੇ ਜੌਹਰ ਦਿਖਾ ਕੇ ਪਿੰਡ ਦਾ ਨਾਮ ਦੇਸ਼ ਵਿਦੇਸ਼ ਵਿੱਚ ਰੋਸ਼ਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਨੇ ਬਹੁਤ ਗ਼ਰੀਬੀ ਦੇਖੀ ਸੀ ਪਰ ਹੁਣ ਜਦੋਂ ਪਰਿਵਾਰ ਥੋੜਾ ਸਟੈਂਡ ਹੋਇਆ ਸੀ ਤਾਂ ਇਹ ਪਹਾੜ ਟੁੱਟ ਗਿਆ ਪਿੰਡ ਵਾਸੀਆਂ ਦਾ ਕਹਿਣਾ ਸੀ ਸਰਕਾਰ ਨੂੰ ਖਿਡਾਰੀ ਦੇ ਪਰਿਵਾਰ ਦੀ ਬਾਂਹ ਫੜਦੇ ਹੋਏ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ






















