Punjab News: ਪੰਜਾਬ ਦੇ ਖਰਚੇ 'ਤੇ ਕੇਜਰੀਵਾਲ ਲੈ ਰਹੇ ਜਹਾਜ਼ ਦੇ ਝੂਟੇ, ਬਿਕਰਮ ਮਜੀਠੀਆ ਨੇ ਖੋਲ੍ਹੀ ਪੋਲ
Arvind Kejriwal: ਪੰਜਾਬ ਦੇ ਖਰਚੇ 'ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਵਾਈ ਸਫ਼ਰ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਖਜ਼ਾਨੇ ਵਿਚੋਂ 50 ਕਰੋੜ ਰੁਪਇਆ ਸਿਰਫ਼ ਕੇਜਰੀਵਾਲ ਦੇ ਸਫ਼ਰ 'ਤੇ ਖਰਚ ਕਰ ਦਿੱਤਾ।
ਪੰਜਾਬ ਦੇ ਖਰਚੇ 'ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਵਾਈ ਸਫ਼ਰ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਖਜ਼ਾਨੇ ਵਿਚੋਂ 50 ਕਰੋੜ ਰੁਪਇਆ ਸਿਰਫ਼ ਕੇਜਰੀਵਾਲ ਦੇ ਸਫ਼ਰ 'ਤੇ ਖਰਚ ਕਰ ਦਿੱਤਾ। ਪੰਜਾਬ ਦੇ ਖ਼ਜਾਨੇ ਨਾਲ ਆਮ ਆਦਮੀ ਪਾਰਟੀ ਹੋਰਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਇਹ ਦਾਅਵੇ ਵਿਰੋਧੀ ਧਿਰਾਂ ਅਕਾਲੀ ਦਲ ਅਤੇ ਕਾਂਗਰਸ ਕਰ ਰਹੀਆਂ ਹਨ।
ਇਸ ਸਬੰਧੀ ਬਿਕਰਮ ਮਜੀਠੀਆ ਨੇ ਤਾਜ਼ਾ ਟਵੀਟ ਕਰਕੇ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਲਿਖਿਆ ਕਿ - ''ਲਾਲਾ ਜੀ ਅਰਵਿੰਦ ਕੇਜਰੀਵਾਲ ਦੇ ਸਪੈਸ਼ਲ ਜੈਟ ’ਤੇ ਸਫਰ ਦਾ ਖਰਚਾ ਪੰਜਾਬ ਕਿਉਂ ਚੁੱਕ ਰਿਹਾ ਹੈ ? ਭਗਵੰਤ ਮਾਨ ਜੀ, ਇਸ ਗੱਲ ਦਾ ਜਵਾਬ ਪੰਜਾਬੀ ਮੰਗ ਰਹੇ ਹਨ...ਕੀ ਦਸਤਾਵੇਜ਼ਾਂ ਵਿਚ ਇਹੀ ਲਿਖ ਰਹੇ ਹੋ ਕਿ ਸੁਪਰ ਸੀ ਐਮ ਦੇ ਸਫਰ ਦਾ ਖ਼ਰਚਾ ਹੈ? 50 ਕਰੋੜ ਰੁਪਏ ਰੋੜ ਦਿੱਤੇ ਲਾਲਾ ਜੀ ਦੀ ਖੁਸ਼ਾਮਦ ’ਤੇ...ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ ਸਾਬ''
ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੀ ਭਗਵੰਤ ਮਾਨ 'ਤੇ ਨਿਸ਼ਾਨੇ ਸਾਧ ਚੁੱਕੇ ਹਨ। ਬਾਦਲ ਨੇ ਟਵੀਟ ਕਰਕੇ ਕਿਹਾ ਸੀ ਕਿ - ਕਿੰਨਾਂ ਸ਼ਰਮਨਾਕ ਹੈ ਕਿ ਸੂਬੇ ਦੇ ਕਿਸਾਨ ਅਤੇ ਮਜ਼ਦੂਰ ਬਰਬਾਦ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ ਪਰ ਅਰਵਿੰਦ ਕੇਜਰੀਵਾਲ ਦਾ ਡਰਾਈਵਰ ਬਣਿਆ ਭਗਵੰਤ ਮਾਨ ਸੂਬੇ ਦੇ ਖ਼ਜਾਨੇ ਨੂੰ ਉਸਦੀ ਹਵਾਈ ਯਾਤਰਾ, ਹੋਟਲਾਂ ਦੇ ਬਿੱਲ ਅਤੇ ਐਸ਼ਪ੍ਰਸਤੀ ਲਈ ਅੰਨ੍ਹੇਵਾਹ ਲੁਟਾ ਰਿਹਾ ਹੈ।
18 ਮਹੀਨਿਆਂ ਵਿੱਚ ਕਿਸ਼ਤ ਦਰ ਕਿਸ਼ਤ ਚੁੱਕਦਿਆਂ ਪੰਜਾਬ ਦਾ ਕਰਜ਼ਾ 50,000 ਕਰੋੜ ਤੋਂ ਪਾਰ ਹੋ ਗਿਆ ਅਤੇ ਹੁਣ ਇਸ ਲੁੱਟ ਨੂੰ ਲੁਕਾਉਣ ਲਈ RTI Act ਤਹਿਤ ਮੰਗੀ ਜਾ ਰਹੀ ਜਾਣਕਾਰੀ ਵੀ ਨਹੀਂ ਮੁੱਹਈਆ ਕਰਵਾਈ ਜਾ ਰਹੀ।
ਕੋਈ ਨਾਂ ਸਮਾਂ ਆਉਣ ਦਿਓ, ਪੰਜਾਬ ਦੇ ਖ਼ਜਾਨੇ ਦੀ ਕੀਤੀ ਜਾ ਰਹੀ ਇਸ ਲੁੱਟ ਦਾ ਪੂਰਾ ਹਿਸਾਬ ਲਵਾਂਗੇ ਅਤੇ ਇਨ੍ਹਾਂ ਲੁਟੇਰਿਆਂ ਤੋਂ ਹੀ ਭਰਪਾਈ ਕਰਾਵਾਂਗੇ।
ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਵੀ ਇਸ ਮੁੱਦੇ 'ਤੇ ਟਵੀਟ ਕਰਕੇ ਸਰਕਾਰ 'ਤੇ ਤੰਜ ਕਸਿਆ ਸੀ। ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਸੀ ਕਿ - ਪੰਜਾਬ ਦੀ ਵਿਗੜਦੀ ਆਰਥਿਕ ਸਥਿਤੀ ਦੇ ਬਾਵਜੂਦ @BhagwantMann ਸਰਕਾਰ, ਪੰਜਾਬ ਦੇ ਖਜ਼ਾਨੇ ਨੂੰ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ @ArvindKejriwal ਦੇ ਹਵਾਈ ਜਹਾਜ਼ ਰਾਹੀਂ ਚੋਣ ਪ੍ਰਚਾਰ ਕਰਨ ਲਈ ਵਰਤ ਰਹੀ ਹੈ। ਲਗਭਗ 50 ਕਰੋੜ ਰੁਪਏ ਖਰਚ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਕੀ ਪੰਜਾਬ ਦਾ ਖਜ਼ਾਨਾ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਲੁਟਾਇਆ ਜਾ ਰਿਹਾ ਹੈ?