ਨਗਰ ਕੌਂਸਲ ਚੋਣਾਂ 'ਚ ਤਾਏ ਦੀ ਹਾਰ ਮਗਰੋਂ ਕਾਂਗਰਸੀ ਲੀਡਰ ਨੇ ਲਿਆ ਫਾਹਾ
ਬੁੱਧਵਾਰ ਨੂੰ ਆਏ ਨਤੀਜਿਆਂ ਤੋਂ ਬਾਅਦ ਸੋਮਲ ਬਹੁਤ ਪ੍ਰੇਸ਼ਾਨ ਸੀ, ਜਿਸ ਕਾਰਨ ਉਸਨੇ ਸ਼ਾਮ ਨੂੰ ਆਪਣੇ-ਆਪ ਨੂੰ ਕਮਰੇ ’ਚ ਬੰਦ ਕਰ ਲਿਆ ਸੀ।
ਖੰਨਾ: ਨਗਰ ਕੌਂਸਲ ਚੋਣਾਂ ’ਚ ਵਾਰਡ 4 ਤੋਂ ਆਪਣੇ ਤਾਇਆ ਗੁਰਮੇਲ ਸਿੰਘ ਕਾਲ਼ਾ ਦੀ ਹਾਰ ਤੋਂ ਪ੍ਰੇਸ਼ਾਨ ਯੂਥ ਕਾਂਗਰਸ ਦੇ ਖੰਨਾ ਜ਼ਿਲ੍ਹਾ ਸਕੱਤਰ ਗੁਰਿੰਦਰ ਸਿੰਘ ਸੋਮਲ ਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਸੋਮਲ ਯੂਥ ਕਾਂਗਰਸ ਦਾ ਸਰਗਰਮ ਵਰਕਰ ਸੀ ਤੇ ਪਾਰਟੀ ਤੋਂ ਟਿਕਟ ਨਾ ਮਿਲਣ ’ਤੇ ਆਜ਼ਾਦ ਚੋਣ ਲੜ ਰਹੇ ਆਪਣੇ ਤਾਏ ਗੁਰਮੇਲ ਕਾਲ਼ਾ ਦੀ ਮਦਦ ’ਚ ਲੱਗਾ ਸੀ।
ਬੁੱਧਵਾਰ ਨੂੰ ਆਏ ਨਤੀਜਿਆਂ ਤੋਂ ਬਾਅਦ ਸੋਮਲ ਬਹੁਤ ਪ੍ਰੇਸ਼ਾਨ ਸੀ, ਜਿਸ ਕਾਰਨ ਉਸਨੇ ਸ਼ਾਮ ਨੂੰ ਆਪਣੇ-ਆਪ ਨੂੰ ਕਮਰੇ ’ਚ ਬੰਦ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ਕਾਲ਼ਾ ਦੀ ਪਤਨੀ ਕੁਲਦੀਪ ਕੌਰ ਵਾਰਡ 4 ਤੋਂ ਪਿਛਲੀ ਵਾਰ ਚੋਣ ਜਿੱਤੀ ਸੀ। ਇਸ ਵਾਰ ਪਾਰਟੀ ਨੇ ਕਾਲ਼ਾ ਦੀ ਟਿਕਟ ਕੱਟ ਦਿੱਤੀ ਸੀ। ਉਸ ਤੋਂ ਬਾਅਦ ਕਾਲ਼ਾ ਆਜ਼ਾਦ ਹੀ ਚੋਣ ਮੈਦਾਨ ’ਚ ਉੱਤਰੇ ਸਨ।
ਗੁਰਿੰਦਰ ਸੋਮਲ ਪੂਰੀ ਚੋਣ ’ਚ ਕਾਲ਼ਾ ਦੇ ਨਾਲ ਪ੍ਰਚਾਰ ਕਰ ਰਹੇ ਸਨ। ਉਨਾਂ ਨੇ ਪਾਰਟੀ ਤੋਂ ਪੂਰੀ ਤਰ੍ਹਾਂ ਬਗਾਵਤ ਕਰ ਲਈ ਸੀ। ਜਾਣਕਾਰੀ ਅਨੁਸਾਰ ਗੁਰਿੰਦਰ ਸੋਮਲ ਬੁੱਧਵਾਰ ਦੀ ਸ਼ਾਮ ਨੂੰ ਆਪਣੇ ਕਮਰੇ ’ਚ ਚਲਾ ਗਿਆ। ਸਵੇਰੇ ਕਰੀਬ 12 ਵਜੇ ਤੱਕ ਜਦੋਂ ਉਹ ਕਮਰੇ ਤੋਂ ਨਹੀਂ ਨਿਕਲਿਆ ਤਾਂ ਘਰ ਵਾਲਿਆਂ ਨੇ ਚੈੱਕ ਕੀਤਾ। ਗੁਰਿੰਦਰ ਦੀ ਲਾਸ਼ ਫਾਹੇ ਨਾਲ ਲਮਕਦੀ ਮਿਲੀ।
ਗੁਰਿੰਦਰ ਆਪਣੇ ਪਿੱਛੇ ਪਤਨੀ ਤੇ ਧੀ ਛੱਡ ਗਿਆ ਹੈ। ਪਤਨੀ ਪੇਕੇ ਗਈ ਹੋਈ ਸੀ ਤਾਂ ਗੁਰਿੰਦਰ ਲਲਹੇੜੀ ਰੋਡ ਸਥਿਤ ਘਰ ਦੇ ਕਮਰੇ ’ਚ ਇਕੱਲਾ ਹੀ ਸੀ। ਐਸਐਚਓ ਸਦਰ ਹੇਮੰਤ ਕੁਮਾਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਸੋਮਲ ਤਾਏ ਦੀ ਹਾਰ ਤੋਂ ਬਾਅਦ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਤੋਂ ਬਾਅਦ ਹੀ ਉਸ ਨੇ ਇਹ ਕਦਮ ਚੁੱਕ ਲਿਆ। ਦੱਸਦੇ ਹਨ ਕਿ ਗੁਰਿੰਦਰ ਸੋਮਲ ਦੀ ਪਤਨੀ ਗਰਭਵਤੀ ਹੈ ਤੇ ਉਹ ਪੇਕੇ ਗਈ ਹੋਈ ਸੀ।