Kulhad Pizza Couple: ਕੁੱਲ੍ਹੜ-ਪੀਜ਼ਾ ਕੱਪਲ ਆਇਆ ਨਿਹੰਗਾਂ ਦਾ ਅੜਿੱਕੇ! ਨਵੀਂ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
Kulhad Pizza Couple Controversy: ਸੋਸ਼ਲ ਮੀਡੀਆ ਉਪਰ ਵਿਊਜ਼ ਤੇ ਲਾਈਕ ਬਟੋਰਣ ਦੇ ਚੱਕਰ ਵਿੱਚ ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲਾ ਕੁੱਲ੍ਹੜ-ਪੀਜ਼ਾ ਕੱਪਲ ਹੁਣ ਨਿਹੰਗ ਸਿੰਘਾਂ ਦੇ ਅੜਿੱਕੇ ਆ ਗਿਆ ਹੈ।
Kulhad Pizza Couple Controversy: ਸੋਸ਼ਲ ਮੀਡੀਆ ਉਪਰ ਵਿਊਜ਼ ਤੇ ਲਾਈਕ ਬਟੋਰਣ ਦੇ ਚੱਕਰ ਵਿੱਚ ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲਾ ਕੁੱਲ੍ਹੜ-ਪੀਜ਼ਾ ਕੱਪਲ ਹੁਣ ਨਿਹੰਗ ਸਿੰਘਾਂ ਦੇ ਅੜਿੱਕੇ ਆ ਗਿਆ ਹੈ। ਨਿਹੰਗ ਸਿੰਘਾਂ ਨੇ ਕਿਹਾ ਕਿ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਕਿ ਕੁਲ੍ਹੜ ਪੀਜ਼ਾ ਜੋੜਾ ਕੱਲ੍ਹ ਹਾਈ ਕੋਰਟ ਪਹੁੰਚ ਗਿਆ ਹੈ ਤੇ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਏ ਪੱਗ ਨੂੰ ਦਾਗ ਲਾਉਣ ਵਾਲਿਆਂ ਨੂੰ ਕਿਸੇ ਕੀਮਤ ਉੱਪਰ ਨਹੀਂ ਬਖਸ਼ਿਆ ਜਾਏਗਾ।
ਨਿਹੰਗ ਮਾਨ ਸਿੰਘ ਅਕਾਲੀ ਨੇ ਅੱਗੇ ਕਿਹਾ ਕਿ ਜੇਲ੍ਹਾਂ ਸਾਡੇ ਲਈ ਹੀ ਬਣੀਆਂ ਹਨ। ਹਾਈਕੋਰਟ ਨੇ ਸੁਰੱਖਿਆ ਦੇ ਹੁਕਮ ਦਿੱਤੇ ਹਨ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮੈਦਾਨ ਛੱਡ ਕੇ ਭੱਜ ਜਾਵਾਂਗੇ। ਨਿਹੰਗ ਮਾਨ ਸਿੰਘ ਅਕਾਲੀ ਨੇ ਕਿਹਾ ਜੇ ਕੋਈ ਜ਼ਿਆਦਾ ਕਰਦਾ ਹੈ ਤਾਂ ਜਾਂ ਅਸੀਂ ਜਾਂ ਉਹ ਨਹੀਂ। ਤੁਸੀਂ ਆਪਣੀ ਜ਼ਿੰਦਗੀ ਨੂੰ ਨਿੱਜੀ ਰੱਖੋ ਨਾ ਕਿ ਬਾਹਰਲੇ ਲੋਕਾਂ ਲਈ। ਦੱਸ ਦਈਏ ਕਿ ਹਾਈਕੋਰਟ ਨੇ ਕੁੱਲ੍ਹੜ ਪੀਜ਼ਾ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਸਨ ਤੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ।
ਨਿਹੰਗਾਂ ਦੇ ਵਿਰੋਧ ਤੋਂ ਬਾਅਦ ਜੋੜੇ ਨੇ ਐਤਵਾਰ ਨੂੰ ਆਪਣੀ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਵਿੱਚ ਜੋੜੇ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਜਾਣਗੇ ਤੇ ਉੱਥੇ ਆਪਣੀ ਅਰਜ਼ੀ ਜਮਾਂ ਕਰਵਾਉਣਗੇ। ਸਹਿਜ ਨੇ ਕਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਉਹ ਪੁੱਛਣਗੇ ਕਿ ਮੈਂ ਦਸਤਾਰ ਸਜਾ ਸਕਦਾ ਹਾਂ ਜਾਂ ਨਹੀਂ। ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਓ ਵਿੱਚ ਸਹਿਜ ਦੀ ਪਤਨੀ ਗੁਰਪ੍ਰੀਤ ਵੀ ਮੌਜੂਦ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਨਿਹੰਗ ਬਾਬਾ ਮਾਨ ਸਿੰਘ ਨੇ ਫਿਰ ਤੋਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ।
ਸਹਿਜ ਨੇ ਦੋਸ਼ ਲਗਾਇਆ ਸੀ ਕਿ ਮੇਰੇ ਤੇ ਮੇਰੇ ਪਰਿਵਾਰ ਨਾਲ ਜਿੱਥੇ ਵੀ ਗਲਤ ਹੋ ਰਿਹਾ ਹੈ, ਸਾਡੇ ਵਿਚਾਰ ਸੁਣੇ ਜਾਣੇ ਚਾਹੀਦੇ ਹਨ। ਸਹਿਜ ਨੇ ਅੱਗੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਸਾਨੂੰ ਇਨਸਾਫ ਮਿਲੇਗਾ ਕਿਉਂਕਿ ਸਾਡੀ ਸੰਸਥਾ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਰਾਰ ਦਿੰਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਤੇ ਮੇਰੇ ਰੈਸਟੋਰੈਂਟ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਵੇ।
ਦੱਸ ਦਈਏ ਕਿ ਹਾਲ ਹੀ 'ਚ ਜਲੰਧਰ 'ਚ ਕੁੱਲ੍ਹੜ ਪੀਜ਼ਾ ਕਪਲ ਦੇ ਰੈਸਟੋਰੈਂਟ ਦੇ ਬਾਹਰ ਨਿਹੰਗਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਜਿੱਥੇ ਨਿਹੰਗਾਂ ਨੇ ਮੰਗ ਕੀਤੀ ਸੀ ਕਿ ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ 'ਤੇ ਮਾੜਾ ਅਸਰ ਪੈ ਰਿਹਾ ਹੈ। ਜੇਕਰ ਕੁੱਲ੍ਹੜ ਪੀਜ਼ਾ ਜੋੜਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੰਦਾ ਹੈ ਤਾਂ ਠੀਕ ਹੈ, ਨਹੀਂ ਤਾਂ ਉਹ ਪੁਲਿਸ ਨੂੰ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਪੱਗਾਂ ਵਾਪਸ ਕਰ ਦੇਵੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਬਣਾਈ ਗਈ ਵੀਡੀਓ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ।