ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ‘ਤੇ ਲਾਏ ਗਏ 12 ਫੀਸਦੀ ਜੀਐਸਟੀ ਨੂੰ ਜਜ਼ੀਆ ਟੈਕਸ ਕਰਾਰ ਦਿੱਤਾ ਹੈ।
ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ‘ਤੇ ਜਜ਼ੀਆ ਟੈਕਸ ਲਗਾ ਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਹੈ ਕਿ ਤੁਗਲਕੀ ਫ਼ਰਮਾਨ ਦੀ ਸਖ਼ਤ ਨਿੰਦਾ ਕੀਤੀ ਜਾਂਦੀ ਹੈ।
ਦੱਸ ਦਈਏ ਕਿ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਉੱਪਰ 12% ਜੀਐਸਟੀ ਲਾਉਣ ਮਗਰੋਂ ਕੇਂਦਰ ਸਰਕਾਰ ਘਿਰ ਗਈ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਕੇਂਦਰ ਸਰਕਾਰ ਨੂੰ ਟੈਕਸ ਵਾਪਸ ਲੈਣ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ‘ਤੇ 12% GST ਲਾਉਣ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਧਰਮ ਅਸਥਾਨ ਸਭ ਦੇ ਸਾਂਝੇ ਹੁੰਦੇ ਹਨ। ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ‘ਤੇ ਲਗਾਇਆ ਗਿਆ ਹੈ। ਕੇਂਦਰ ਨੂੰ ਅਪੀਲ ਹੈ ਕਿ ਤੁਰੰਤ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ।