ਜਲੰਧਰ 'ਚ ਅਪਰਾਧ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸ਼ੁੱਕਰਵਾਰ ਦੇਰ ਰਾਤ ਜਲੰਦਰ ਦੇ ਲੱਧੇਵਾਲੀ ਇਲਾਕੇ 'ਚ ਘਰ ਵਿੱਚ ਦਾਖ਼ਲ ਹੋ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਉਸ ਦਾ ਪੁੱਤਰ ਉਪਰ ਵਾਲੀ ਮੰਜ਼ਲ 'ਤੇ ਸੁੱਤਾ ਸੀ। ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਕੁਝ ਲੋਕਾਂ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ।

42 ਸਾਲ ਦੀ ਸ਼ਰਨਜੀਤ ਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰ 'ਚ ਆਪਣੇ ਪੁੱਤਰ ਨਾਲ ਰਹਿੰਦੀ ਸੀ। ਉਸ ਦੇ ਪਤੀ ਦੀ ਇੱਕ ਸਾਲ ਪਹਿਲਾਂ ਹਾਦਸੇ 'ਚ ਮੌਤ ਹੋ ਗਈ ਸੀ। ਉਸ ਦੀ ਧੀ ਛੇ ਮਹੀਨੇ ਪਹਿਲਾਂ ਪੜ੍ਹਣ ਲਈ ਕੈਨੇਡਾ ਗਈ ਹੈ।

ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪਤਾ ਲੱਗਾ ਹੈ ਕਿ ਕਰੀਬ ਸਵਾ ਦੋ ਵਜੇ ਇੱਕ ਬੰਦਾ ਮੂੰਹ ਢੱਕ ਕੇ ਸ਼ਰਨਜੀਤ ਦੇ ਘਰ ਵੱਲ ਆਉਂਦਾ ਵਿਖਾਈ ਦੇ ਰਿਹਾ ਹੈ। ਦਸ ਮਿੰਟਾਂ ਬਾਅਦ ਉਹੀ ਉੱਥੋਂ ਵਾਪਸ ਜਾਂਦਾ ਵੀ ਵਿਖਾਈ ਦੇ ਰਿਹਾ ਹੈ।

ਜਲੰਧਰ ਪੁਲਿਸ ਕਮਿਸ਼ਨਰ ਪੀ.ਕੇ. ਸਿਨ੍ਹਾ ਨੇ ਕਿਹਾ, "ਸੀ.ਸੀ.ਟੀ.ਵੀ. 'ਚ ਜੋ ਸਖਸ਼ ਵਿਖਾਈ ਦੇ ਰਿਹਾ ਹੈ ਉਹ ਸ਼ੱਕ ਦੇ ਦਾਇਰੇ 'ਚ ਹੈ। ਫਿਲਹਾਲ ਇਹ ਮਾਮਲਾ ਅੰਨ੍ਹੇ ਕਤਲ ਦਾ ਲੱਗ ਰਿਹਾ ਹੈ, ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜਲਦ ਇਸ ਨੂੰ ਹਲ ਕਰ ਲਿਆ ਜਾਵੇਗਾ।"

ਜਲੰਧਰ ਵਿੱਚ ਨਿੱਤ ਦਿਨ ਹੋ ਰਹੀਆਂ ਕਤਲ ਵਾਰਦਾਤਾਂ ਕਾਰਨ ਜਿੱਥੇ ਸ਼ਹਿਰਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ, ਉੱਥੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਲਗਾਤਾਰ ਸਵਾਲ ਉੱਠ ਰਹੇ ਹਨ।