ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਮੋਦੀ ਸਰਕਾਰ (Modi Government) ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ (Central Agriculture Act) ਦੇ ਵਿਰੋਧ ਵਿੱਚ ਕਿਸਾਨਾਂ ਦੇ “ਦਿੱਲੀ ਚਲੋ” ਮੋਰਚੇ (Delhi Chalo Morcha) ਤਹਿਤ ਪੰਜਾਬ ਦੇ ਕਿਸਾਨਾਂ ਨੇ ਆਪਣੀ ਕਮਰ ਪੂਰੀ ਤਰ੍ਹਾਂ ਕੱਸ ਲਈ ਹੈ। ਬੇਸ਼ੱਕ ਕਿਸਾਨਾਂ ਨਾਲ ਕੇਂਦਰ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਇੱਕ ਅਜੇ 3 ਦਸੰਬਰ ਨੂੰ ਹੋਣੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੋਦੀ ਸਰਕਾਰ ਇਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਹ ਸੰਘਰਸ਼ ਜਾਰੀ ਰੱਖਣਗੇ।



ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਤਕਰੀਬਨ 3 ਲੱਖ ਕਿਸਾਨ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋ ਰਹੇ ਹਨ। 472 ਕਿਸਾਨ ਯੂਨੀਅਨਾਂ ਦੇ ਯੂਨਾਈਟਿਡ ਫਾਰਮਰਜ਼ ਫਰੰਟ ਦਾ ਹਿੱਸਾ ਪੰਜਾਬ ਦੇ 33 ਸੰਗਠਨਾਂ ਦੇ ਝੰਡੇ ਹੇਠ ਕਿਸਾਨ 26-27 ਨਵੰਬਰ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ।





ਇਸ ਦੇ ਨਾਲ ਹੀ ਕਿਸਾਨ ਭਲਕੇ ਸਵੇਰੇ ਦਿੱਲੀ ਵੱਲ ਮਾਰਚ ਕਰਨਗੇ। ਦਿੱਲੀ ਤੋਂ ਹਰਿਆਣਾ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਕਿਸਾਨਾਂ ਲਈ ਰਾਸ਼ਨ ਲੈ ਕੇ ਜਾਣ ਵਾਲੇ ਟਰੱਕਾਂ ਨੂੰ ਪਹਿਲਾਂ ਹੀ ਭਾਜਪਾ ਸ਼ਾਸਿਤ ਸੂਬਿਆਂ ਵਿੱਚੋਂ ਲੰਘਣ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਕਿਸਾਨ ਯੂਨੀਅਨਾਂ (Farmers Organizations) ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਉਨ੍ਹਾਂ ਨੂੰ ਜਿੱਥੇ ਵੀ ਰੋਕਿਆ ਗਿਆ ਉਹ ਅਣਮਿੱਥੇ ਸਮੇਂ ਲਈ ਉਸੇ ਥਾਂ 'ਤੇ ਧਰਨੇ ਲਾਉਣ ਲਈ ਤਿਆਰ ਹਨ।



ਕਿਸਾਨਾਂ ਦੇ ਕਦਮ ਹਰਿਆਣਾ ਵੱਲ ਵਧਣੇ ਸ਼ੁਰੂ ਹੋ ਗਏ ਹਨ। ਸੁਰੱਖਿਆ ਦੇ ਇੰਤਜ਼ਾਮ ਹਰਿਆਣਾ ਸਰਕਾਰ ਵੱਲੋਂ ਵੀ ਕਰ ਲਏ ਗਏ ਹਨ। ਬੀਤੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕਰ ਸੂਬੇ ਦੀਆਂ ਸਾਰੀਆਂ ਸਰਹੱਦਾਂ (Haryana Border) ਨੂੰ ਸੀਲ ਕਰ ਦਿੱਤਾ ਗਿਆ ਹੈ, ਬਾਰਡਰਾਂ 'ਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਨਾਲ ਹੀ ਪੁਲਿਸ ਨੂੰ ਸਖ਼ਤੀ ਅਖ਼ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904