ਚੰਡੀਗੜ੍ਹ : ਪੰਜਾਬ ਸਮੇਤ ਦੇਸ਼ ਭਰ 'ਚ ਕੋਰੋਨਾ ਦੇ ਮੁੜ ਵੱਧਦੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਦੀ ਕੋਵਿਡ ਰੀਵਿਊ ਮੀਟਿੰਗ ਸਮਾਪਤ ਹੋ ਗਈ ਹੈ। ਇਸ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਕੋਵਿਡ ਬਾਰੇ ਸੀ। 

 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਦੇ ਅਜੇ ਬਹੁਤੇ ਕੇਸ ਨਹੀਂ ਹਨ, ਸਿਰਫ 0.5% ਐਕਟਿਵ ਕੇਸ ਹਨ। ਇਸ ਲਈ ਅੱਜ ਦੀ ਮੀਟਿੰਗ ਵਿੱਚ ਕੋਈ ਵੀ ਨਵੀਂ ਪਾਬੰਦੀ ਨਹੀਂ ਲਗਾਈ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕ ਕੋਵਿਡ ਦਾ ਧਿਆਨ ਰੱਖਣ,  ਮਾਸਕ ਪਹਿਨਣ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਨਾ ਜਾਣ। 


ਇਸ ਦੇ ਨਾਲ ਹੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਮੋਹਾਲੀ ਵਿੱਚ ਜੋ ਮੈਡੀਕਲ ਕਾਲਜ ਬਣ ਰਿਹਾ ਹੈ, ਉਸ ਵਿੱਚ ਥਾਂ ਘੱਟ ਹੋਣ ਕਾਰਨ ਵਿਦਿਆਰਥੀਆਂ ਅਤੇ ਡਾਕਟਰਾਂ ਨੇ ਕਿਹਾ ਸੀ ਕਿ ਇਸ ਨੂੰ ਅਜਿਹੀ ਥਾਂ ਬਣਾਇਆ ਜਾਵੇ ਜਿੱਥੇ ਜ਼ਿਆਦਾ ਥਾਂ ਹੋਵੇ, ਜਿਸ ਕਾਰਨ ਅਸੀਂ ਸਰਕਾਰ ਨਾਲ ਗੱਲਬਾਤ ਕੀਤੀ ਹੈ ਕਿ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ।

 

ਦੱਸ ਦੇਈਏ ਕਿ ਪੰਜਾਬ 'ਚ ਇਕ ਵਾਰ ਫਿਰ ਕੋਰੋਨਾ ਵਧਣ ਲੱਗਾ ਹੈ। ਸੋਮਵਾਰ ਨੂੰ ਅਚਾਨਕ 29 ਨਵੇਂ ਮਰੀਜ਼ ਮਿਲੇ ਹਨ। ਕੋਰੋਨਾ ਕੇਸਾਂ 'ਚ ਇਹ ਵਾਧਾ ਪਿਛਲੇ 2 ਦਿਨਾਂ 'ਚ ਹੋਇਆ ਹੈ। 17 ਅਪ੍ਰੈਲ ਨੂੰ ਪੰਜਾਬ 'ਚ 55 ਐਕਟਿਵ ਕੇਸ ਸਨ ਜੋ 18 ਅਪ੍ਰੈਲ ਸ਼ਾਮ ਤਕ ਵਧ ਕੇ 75 ਹੋ ਗਏ ਹਨ।

ਪੰਜਾਬ ਦੇ ਚਾਰ ਜ਼ਿਲ੍ਹਿਆਂ 'ਚ ਵੱਧ ਰਹੇ ਕੇਸ
ਪੰਜਾਬ ਦੇ ਚਾਰ ਜ਼ਿਲ੍ਹਿਆ 'ਚ ਕੋਰੋਨਾ ਦੇ ਕੇਸਾਂ 'ਚ ਉਛਾਲ ਆਇਆ ਹੈ। ਇਨ੍ਹਾਂ 'ਚੋਂ ਸੋਮਵਾਰ ਨੂੰ ਹੁਸ਼ਿਆਰਪੁਰ 'ਚ 10, ਲੁਧਿਆਣਾ 'ਚ 6, ਜਲੰਧਰ ਤੇ ਮੋਹਾਲੀ 'ਚ 4-4 ਕੇਸ ਸਾਹਮਣੇ ਆਏ ਹਨ।

ਪੰਜਾਬ 'ਚ ਹੁਣ ਤਕ 17,743 ਮੌਤਾਂ ਹੋ ਚੁੱਕੀਆਂ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਨਾਲ ਹੁਣ ਤਕ ਪੰਜਾਬ 'ਚ 17,743 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਹੁਣ ਤਕ 7 ਲੱਖ 59 ਹਜ਼ਾਰ 284 ਪਾਜ਼ੇਟਿਵ ਕੇਸ ਮਿਲੇ ਹਨ। ਜਿਨ੍ਹਾਂ 'ਚੋਂ 7 ਲੱਖ 41 ਹਜ਼ਾਰ 466 ਮਰੀਜ਼ ਠੀਕ ਹੋ ਚੁੱਕੇ ਹਨ।

ਦੇਸ਼ ਅੰਦਰ ਨਵੇਂ ਕੇਸਾਂ 'ਚ 43 ਫੀਸਦੀ ਦੀ ਗਿਰਾਵਟ

Covid 19 Cases in India: ਕੋਰੋਨਾ ਵਾਇਰਸ ਦੇ ਮੋਰਚੇ 'ਤੇ ਦੇਸ਼ ਲਈ ਰਾਹਤ ਦੀ ਖ਼ਬਰ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1,247 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 2183 ਨਵੇਂ ਮਾਮਲੇ ਸਾਹਮਣੇ ਆਏ ਸੀਨ। ਯਾਨੀ ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ 43 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।