Lok Sabha Election 2024: ਸਿਆਸੀ ਪਾਰਟੀਆਂ ਲਈ ਖਤਰੇ ਦੀ ਘੰਟੀ! ਪੰਜਾਬੀਆਂ ਦਾ ਵੋਟਿੰਗ ਤੋਂ ਮੋਹ ਭੰਗ
ਪੰਜਾਬ ਦੋ ਲੋਕਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਜ਼ਿਆਦਾ ਉਤਸ਼ਾਹ ਨਹੀਂ ਵਿਖਾਇਆ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਮਤਦਾਨ 62.06% ਰਿਹਾ।
Lok Sabha Election 2024: ਪੰਜਾਬ ਦੋ ਲੋਕਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਜ਼ਿਆਦਾ ਉਤਸ਼ਾਹ ਨਹੀਂ ਵਿਖਾਇਆ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਮਤਦਾਨ 62.06% ਰਿਹਾ। ਇਹ 2009, 2014 ਤੇ 2019 ਦੇ ਮੁਕਾਬਲੇ ਸਭ ਤੋਂ ਘੱਟ ਵੋਟਿੰਗ ਹੈ। ਸਿਆਸੀ ਮਾਹਿਰ ਇਸ ਦੇ ਕਈ ਕਾਰਨ ਦੱਸ ਰਹੇ ਹਨ ਪਰ ਅਹਿਮ ਗੱਲ ਹੈ ਕਿ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਮੋਹ ਭੰਗ ਹੋ ਰਿਹਾ ਹੈ।
ਦੱਸ ਦਈਏ ਕਿ 2009 'ਚ ਪੰਜਾਬ ਦੀਆਂ 13 ਸੀਟਾਂ 'ਤੇ 69.78 ਫੀਸਦੀ ਵੋਟਿੰਗ ਹੋਈ ਸੀ। ਸਾਲ 2014 ਵਿੱਚ 0.85% ਵਾਧੇ ਨਾਲ ਮਤਦਾਨ 70.63% ਰਿਹਾ ਸੀ। 2019 ਵਿੱਚ ਵੋਟਿੰਗ ਦਾ ਅੰਕੜਾ 4.71% ਘਟ ਕੇ 65.94% ਰਹਿ ਗਿਆ ਸੀ। ਜਦੋਂਕਿ ਇਸ ਵਾਰ ਇਹ ਅੰਕੜਾ 62.06% ਤੱਕ ਪਹੁੰਚ ਗਿਆ, ਯਾਨੀ 2019 ਦੇ ਮੁਕਾਬਲੇ ਇਸ ਵਿੱਚ 3.9% ਦੀ ਕਮੀ ਆਈ ਹੈ।
ਦੱਸ ਦਈਏ ਕਿ 2014 'ਚ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ 4 ਸੀਟਾਂ ਨਾਲ ਸਭ ਤੋਂ ਮਜ਼ਬੂਤ ਸੀ, ਜਦਕਿ 2019 'ਚ ਉਸ ਸਮੇਂ ਦੀ ਕਾਂਗਰਸ ਸਰਕਾਰ ਮਜ਼ਬੂਤੀ ਨਾਲ ਉਭਰੀ ਤੇ 8 ਸੀਟਾਂ 'ਤੇ ਕਬਜ਼ਾ ਕੀਤਾ ਪਰ ਇਸ ਵਾਰ ਵੋਟਾਂ ਘਟਣ ਦਾ ਕਾਰਨ ਮੌਜੂਦਾ ਸਰਕਾਰ ਤੋਂ ਅਸੰਤੁਸ਼ਟੀ ਨੂੰ ਮੰਨਿਆ ਜਾ ਰਿਹਾ ਹੈ। ਘੱਟ ਵੋਟਿੰਗ ਨੂੰ ਲੈ ਕੇ ਕਾਂਗਰਸ ਪੌਜੇਟਿਵ ਨਜ਼ਰ ਆ ਰਹੀ ਹੈ।
ਆਮ ਤੌਰ 'ਤੇ ਪੰਜਾਬ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਜੇਕਰ 65 ਫੀਸਦੀ ਤੋਂ ਘੱਟ ਵੋਟਿੰਗ ਹੁੰਦੀ ਹੈ ਤਾਂ ਸੂਬਾ ਸਰਕਾਰ ਨੂੰ ਸਿੱਧਾ ਨੁਕਸਾਨ ਹੁੰਦਾ ਹੈ। ਪੂਰੀ ਕਹਾਣੀ ਸਮਝਣ ਲਈ ਇਸ ਪਿੱਛੇ ਦੇ ਗਣਿਤ ਨੂੰ ਅੰਕੜਿਆਂ ਦਾ ਵਿਸ਼ਲੇਸ਼ਨ ਜ਼ਰੂਰੀ ਹੈ। ਇਸ ਨਾਲ ਸਾਰੀ ਤਸਵੀਰ ਸਪਸ਼ਟ ਹੋ ਜਾਏਗੀ।
ਜੇਕਰ 1999 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਰਾਜ ਵਿੱਚ 56.11% ਵੋਟਾਂ ਪਈਆਂ ਸੀ। ਉਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਪਰ ਇਸ ਦਾ ਸਿੱਧਾ ਅਸਰ ਅਕਾਲੀ-ਭਾਜਪਾ ਗਠਜੋੜ ’ਤੇ ਪਿਆ ਸੀ। ਉਦੋਂ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸੀ, ਭਾਈਵਾਲ ਸੀਪੀਆਈ ਨੇ ਇੱਕ ਸੀਟ ਜਿੱਤੀ ਤੇ ਅਕਾਲੀ-ਭਾਜਪਾ ਗਠਜੋੜ ਨੂੰ ਸਿਰਫ਼ 3 ਸੀਟਾਂ ਮਿਲੀਆਂ ਸੀ।
ਇਸ ਦੇ ਨਾਲ ਹੀ 2004 ਦੀਆਂ ਚੋਣਾਂ ਦੌਰਾਨ ਰਾਜ ਵਿੱਚ 61.59% ਵੋਟਾਂ ਪਈਆਂ ਸੀ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਇਸ ਦਾ ਸਿੱਧਾ ਅਸਰ ਚੋਣਾਂ 'ਤੇ ਦੇਖਣ ਨੂੰ ਮਿਲਿਆ। ਇਕੱਲੇ ਅਕਾਲੀ ਦਲ ਨੇ 8 ਸੀਟਾਂ ਜਿੱਤੀਆਂ, ਜਦਕਿ ਭਾਈਵਾਲ ਭਾਜਪਾ ਨੇ 3 ਸੀਟਾਂ 'ਤੇ ਚੋਣ ਲੜੀ ਤੇ ਤਿੰਨੋਂ ਹੀ ਜਿੱਤੀਆਂ ਸੀ। ਜਦਕਿ ਕਾਂਗਰਸ ਕੋਲ ਸਿਰਫ 2 ਸੀਟਾਂ ਹੀ ਰਹਿ ਗਈਆਂ ਸੀ।
ਇਸ ਮਗਰੋਂ 2009 ਦੀਆਂ ਚੋਣਾਂ ਦੌਰਾਨ ਰਾਜ ਵਿੱਚ 68.78% ਵੋਟਿੰਗ ਹੋਈ ਸੀ। ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਚੋਣਾਂ ਵਿੱਛ ਫਾਇਦਾ ਕਾਂਗਰਸ ਨੂੰ ਮਿਲਿਆ। ਕਾਂਗਰਸ ਨੂੰ 9, ਅਕਾਲੀ ਦਲ ਨੂੰ 4 ਤੇ ਭਾਜਪਾ ਨੂੰ 1 ਸੀਟ ਮਿਲੀ ਸੀ।
ਇਸ ਮਗਰੋਂ 2014 ਚੋਣਾਂ ਦੌਰਾਨ ਰਾਜ ਵਿੱਚ ਵੋਟਿੰਗ 70.63% ਰਹੀ ਸੀ। ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਇਸ ਦੌਰਾਨ 'ਆਪ' ਨੇ ਪੰਜਾਬ ਵਿੱਚ ਪ੍ਰਵੇਸ਼ ਕੀਤਾ ਸੀ। ਪਹਿਲੀ ਵਾਰ ਚੋਣ ਲੜ ਕੇ ਹੀ ਉਸ ਨੇ 4 ਸੀਟਾਂ ਜਿੱਤ ਲਈਆਂ ਸੀ। ਅਕਾਲੀ ਦਲ ਨੂੰ ਵੀ 4 ਸੀਟਾਂ ਹਾਸਲ ਹੋਈਆਂ। ਭਾਜਪਾ 2 ਤੇ ਕਾਂਗਰਸ 3 'ਤੇ ਸਿਮਟ ਗਈ।
ਇਸੇ ਤਰ੍ਹਾਂ 2019 ਚੋਣਾਂ ਦੌਰਾਨ ਰਾਜ ਵਿੱਚ 65.96% ਵੋਟਿੰਗ ਹੋਈ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ। ਲੋਕਾਂ ਵਿੱਚ ਨਾ ਤਾਂ ਗੁੱਸਾ ਸੀ ਤੇ ਨਾ ਹੀ ਰੋਸ। ਇਸ ਲਈ ਕਾਂਗਰਸ ਨੂੰ ਫਾਇਦਾ ਹੋਇਆ। ਕਾਂਗਰਸ ਨੇ 8, ਅਕਾਲੀ ਦਲ ਨੇ 2 ਤੇ ਭਾਜਪਾ ਨੇ 2 ਸੀਟਾਂ ਜਿੱਤੀਆਂ। ਇੰਨਾ ਹੀ ਨਹੀਂ 2022 'ਚ ਸੂਬੇ 'ਚ ਸਰਕਾਰ ਬਣਾਉਣ ਵਾਲੀ 'ਆਪ' ਦੀ ਸੀਟ ਘੱਟ ਕੇ ਇੱਕ ਰਹਿ ਗਈ।