Punjab Lok Sabha Chunav 2024: ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਅਤੇ ਫਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਦੀ ਰਣਨੀਤੀ ਬਾਰੇ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਲਈ ਰਲ ਕੇ ਕੰਮ ਕਰਨ ਲਈ ਕਿਹਾ। ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪਟਿਆਲਾ ਤੋਂ ਬਲਬੀਰ ਸਿੰਘ ਅਤੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਹੈ।
ਆਮ ਆਦਮੀ ਪਾਰਟੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਬਲਬੀਰ ਸਿੰਘ, ਅਨਮੋਲ ਅਤੇ ਦੋਵੇਂ ਲੋਕ ਸਭਾ ਸੀਟਾਂ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਦੇ ਪਾਰਟੀ ਵਿਧਾਇਕਾਂ ਨਾਲ ਚੋਣ ਪ੍ਰਚਾਰ ਰਣਨੀਤੀ ਬਾਰੇ ਚਰਚਾ ਕੀਤੀ। ਬਿਆਨ ਦੇ ਅਨੁਸਾਰ, ਮੁੱਖ ਮੰਤਰੀ ਮਾਨ ਜਿਹੜੇ 'ਆਪ' ਦੀ ਪੰਜਾਬ ਇਕਾਈ ਦੇ ਮੁਖੀ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ, ਨੇ ਪਾਰਟੀ ਆਗੂਆਂ ਨੂੰ ਪਟਿਆਲਾ ਅਤੇ ਫਰੀਦਕੋਟ ਲੋਕ ਸਭਾ ਸੀਟਾਂ ਤੋਂ 'ਆਪ' ਦੀ ਜਿੱਤ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਕਿਹਾ ਹੈ।
CM ਮਾਨ ਨੇ ਕਿਹਾ-'ਸਰਕਾਰ ਦੇ ਕੰਮ ਤੋਂ ਖੁਸ਼ ਹਨ ਲੋਕ'
ਸੀਐਮ ਮਾਨ ਨੇ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੂੰ ਕਿਹਾ, “ਜਨਤਾ ਸਾਡੇ ਨਾਲ ਹੈ, ਉਨ੍ਹਾਂ ਨੇ ਸਾਡੀ ਸਰਕਾਰ ਦਾ ਕੰਮ ਦੇਖਿਆ ਹੈ ਅਤੇ ਖੁਸ਼ ਹੈ। ਸਖ਼ਤ ਮਿਹਨਤ ਕਰੋ, ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਵੱਡੀ ਜਿੱਤ ਦਰਜ ਕਰਾਂਗੇ। 'ਆਪ' ਆਗੂਆਂ ਨੇ ਸੀ.ਐਮ ਮਾਨ ਨੂੰ ਦੱਸਿਆ ਕਿ ਉਹ ਪਿੰਡਾਂ 'ਚ ਮੀਟਿੰਗਾਂ ਕਰਕੇ ਘਰ-ਘਰ ਜਾ ਕੇ ਲੋਕਾਂ ਨੂੰ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾ ਰਹੇ ਹਨ ਅਤੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।
ਹੁਣ ਤੱਕ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ 2 ਸੂਚੀਆਂ ਜਾਰੀ ਕਰ ਦਿੱਤੀਆਂ
ਆਮ ਆਦਮੀ ਪਾਰਟੀ ਪੰਜਾਬ ਦੀਆਂ 13 'ਚੋਂ 8 ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਜਿਸ ਵਿੱਚੋਂ ਜਲੰਧਰ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਦਕਿ ਉਹ ਟਿਕਟ ਮਿਲਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ। ਉੱਥੇ ਹੀ ਪਿਛਲੇ ਦਿਨੀਂ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਨੇ ਦੋ ਹੋਰ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਅਤੇ ਹੁਸ਼ਿਆਰਪੁਰ ਤੋਂ ਡਾ: ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਹੈ।