Lok Sabha Election: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਚੋਣ-ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਉੱਥੇ ਹੀ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਦੱਸ ਦਈਏ ਕਿ ਇਸ ਵਾਰ ਲੋਕ ਸਭਾ ਚੋਣਾਂ 2024 ਲਈ ਪੰਜਾਬ ਦੀਆਂ 13 ਸੀਟਾਂ ਲਈ 328 ਉਮੀਦਵਾਰ ਮੈਦਾਨ ਵਿਚ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 302 ਪੁਰਸ਼ ਅਤੇ 26 ਮਹਿਲਾ ਉਮੀਦਵਾਰ ਹਨ। ਇਹ ਅੰਕੜਾ ਪਿਛਲੀਆਂ ਦੋ ਚੋਣਾਂ ਵਿਚ ਸਭ ਤੋਂ ਵੱਧ ਹੈ। ਜਿੱਥੇ 2014 ਵਿਚ 253 ਉਮੀਦਵਾਰ ਮੈਦਾਨ ਵਿਚ ਸਨ, ਉੱਥੇ ਹੀ 2019 ਵਿਚ 278 ਉਮੀਦਵਾਰਾਂ ਨੇ ਚੋਣ ਲੜੀ ਸੀ।


ਇਸ ਦੇ ਨਾਲ ਹੀ ਪੰਜਾਬ ਦੀ ਸਭ ਤੋਂ ਗਰਮ ਪੰਥਕ ਸੀਟ ਖਡੂਰ ਸਾਹਿਬ ਤੋਂ ਇੱਕ ਵੀ ਮਹਿਲਾ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਹੈ। ਇੰਨਾ ਹੀ ਨਹੀਂ ਸਭ ਤੋਂ ਵੱਧ 43 ਉਮੀਦਵਾਰ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਨੇ ਪੜਤਾਲ ਦੌਰਾਨ 245 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਹਨ। ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਹੁਣ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਜਾ ਚੁੱਕੇ ਹਨ।


ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਗੋਲੀਆਂ ਚਲਾਉਣ ਵਾਲੇ ਬੇਅੰਤ ਸਿੰਘ ਦੇ ਪੁੱਤਰ ਨੇ ਵੀ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਸਟਾਰ ਉਮੀਦਵਾਰਾਂ ਦੀ ਸੀਟ ਬਣ ਚੁੱਕੀ ਫਰੀਦਕੋਟ (SC) ਤੋਂ ਆਜ਼ਾਦ ਚੋਣ ਲੜ ਰਿਹਾ ਹੈ। ਚੋਣ ਕਮਿਸ਼ਨ ਨੇ ਉਸ ਨੂੰ ਚੋਣ ਨਿਸ਼ਾਨ ਵਜੋਂ ਕਿਸਾਨ-ਗੰਨਾ ਦਿੱਤਾ ਹੈ।


ਇਹ ਵੀ ਪੜ੍ਹੋ: Punjab Politics: ਹਰਸਿਮਰਤ ਬਾਦਲ ਦਾ ਸਰਕਾਰ 'ਤੇ ਹਮਲਾ: ਕਿਹਾ- ਪੰਜਾਬ ਨੂੰ ਕੇਂਦਰ ਅੱਗੇ ਰੱਖਿਆ ਗਿਰਵੀ, ਦਿੱਲੀ ਦੀਆਂ ਪਾਰਟੀਆਂ ਨਹੀਂ ਕਰ ਸਕਦੀਆਂ ਭਲਾ


ਇਸ ਹਲਕੇ ਤੋਂ ਹੁਣ ਤੱਕ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਅਤੇ ਭਾਜਪਾ ਵੱਲੋਂ ਹੰਸਰਾਜ ਹੰਸ ਅਤੇ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ 2023 'ਚ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਦੇ ਦੋਸ਼ 'ਚ ਡਿਬਰੂਗੜ੍ਹ ਜੇਲ ਭੇਜੇ ਗਏ ਅੰਮ੍ਰਿਤਪਾਲ ਸਿੰਘ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਵਜੋਂ ਮਾਈਕ ਦਿੱਤਾ ਗਿਆ ਹੈ।


ਅੰਮ੍ਰਿਤਪਾਲ ਪੰਜਾਬ ਦੀ ਸਭ ਤੋਂ ਵੱਡੀ ਪੰਥਕ ਸੀਟ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ। ਇਥੇ ਸਿੱਖਾਂ ਦੀ ਗਿਣਤੀ 75 ਫ਼ੀਸਦੀ ਹੈ ਅਤੇ ਇਨ੍ਹਾਂ ਵਿਚੋਂ ਸਭ ਤੋਂ ਵੱਧ ਪੰਥਕ ਉਮੀਦਵਾਰ ਹਮੇਸ਼ਾ ਹੀ ਚੁਣੇ ਗਏ ਹਨ। ਇਹ ਉਹੀ ਸੀਟ ਹੈ ਜਿੱਥੋਂ ਸਿਮਰਨਜੀਤ ਸਿੰਘ ਮਾਨ ਨੇ 1989 ਵਿਚ ਚੋਣ ਲੜੀ ਸੀ ਅਤੇ 4.80 ਲੱਖ ਵੋਟਾਂ ਨਾਲ ਜਿੱਤੇ ਸਨ। 


ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਚੋਣ ਕਮਿਸ਼ਨ ਵੱਲੋਂ ਬਾਲਟੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਹੈ। ਇਸ ਵਾਰ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਇਸ ਪਾਰਟੀ ਦਾ ਦੂਜਾ ਮਸ਼ਹੂਰ ਚਿਹਰਾ ਹੈ, ਲੱਖਾ ਸਿਧਾਣਾ ਜੋ ਬਠਿੰਡਾ ਤੋਂ ਚੋਣ ਮੈਦਾਨ ਵਿਚ ਹਨ। ਸਿਮਰਨਜੀਤ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਤੋਂ ਚੋਣ ਲੜ ਰਹੇ ਹਨ। ਸਿਮਰਨਜੀਤ ਮਾਨ ਇੱਥੋਂ ਦੇ ਮੌਜੂਦਾ ਸੰਸਦ ਮੈਂਬਰ ਵੀ ਹਨ। ਇਸੇ ਤਰ੍ਹਾਂ ਪਾਰਟੀ ਨੇ ਲੱਖਾ ਸਿਧਾਣਾ ਨੂੰ ਪੰਜਾਬ ਦੀ ਵੀਆਈਪੀ ਸੀਟ ਬਠਿੰਡਾ ਤੋਂ ਉਮੀਦਵਾਰ ਬਣਾਇਆ ਹੈ।


ਇਹ ਵੀ ਪੜ੍ਹੋ: Barnala News: ਬਰਨਾਲਾ 'ਚ ਕਿਸਾਨਾਂ ਵੱਲੋਂ BJP ਉਮੀਦਵਾਰ ਅਰਵਿੰਦ ਖੰਨਾ ਖਿਲਾਫ ਰੋਸ ਪ੍ਰਦਰਸ਼ਨ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ