Lok sabha Election: ਕਿਸਾਨਾਂ ਨੇ ਘੇਰ ਲਿਆ ਭਾਜਪਾ ਉਮੀਦਵਾਰ, ਪੁਲਿਸ ਦੀਆਂ ਰੋਕਾਂ ਤੋੜ ਕੀਤੀ ਸਵਾਲਾਂ ਦੀ ਬੁਛਾੜ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਅੱਜ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਚੋਣ ਮੀਟਿੰਗ 'ਚ ਹਿੱਸਾ ਲੈਣਾ ਸੀ। ਬੀਜੇਪੀ ਉਮੀਦਵਾਰ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨ ਉੱਥੇ ਪਹੁੰਚ ਗਏ
Gurdaspur News: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਚੋਣ ਮੀਟਿੰਗ 'ਚ ਹਿੱਸਾ ਲੈਣਾ ਸੀ। ਇਸ ਦੇ ਚੱਲਦੇ ਬੀਜੇਪੀ ਉਮੀਦਵਾਰ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਪਹੁੰਚ ਗਏ। ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਪਰ ਪੁਲਿਸ ਵੱਲੋਂ ਜਦ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਨਾਕੇ ਤੇ ਰੋਕਾਂ ਤੋਂ ਟੱਪ ਕੇ ਭਾਜਪਾ ਦੀ ਮੀਟਿੰਗ ਵਾਲੀ ਥਾਂ ਨੂੰ ਘੇਰਾ ਪਾ ਲਿਆ।
ਉੱਥੇ ਹੀ ਇਸ ਵਿਚਾਲੇ ਕਿਸਾਨਾਂ ਦਾ ਪੁਲਿਸ ਨਾਲ ਮਾਮੂਲੀ ਟਕਰਾਅ ਵੀ ਹੋਇਆ। ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੇ ਨਾਲ ਭਾਜਪਾ ਨੇਤਾ ਫ਼ਤਿਹਜੰਗ ਸਿੰਘ ਬਾਜਵਾ ਵੀ ਮੀਟਿੰਗ ਵਿੱਚ ਸ਼ਾਮਲ ਸਨ। ਜਿੱਥੇ ਮੀਟਿੰਗ ਹੋ ਰਹੀ ਸੀ, ਉਸ ਹਾਲ ਦੇ ਬਾਹਰ ਕਿਸਾਨਾਂ ਵੱਲੋਂ ਜੰਮ ਕੇ ਭਾਜਪਾ ਖਿਲਾਫ ਨਾਅਰੇਬਾਜੀ ਕੀਤੀ ਗਈ। ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਜਦੋਂ ਦਿਨੇਸ਼ ਸਿੰਘ ਬੱਬੂ ਬਾਹਰ ਨਿਕਲੇ ਤਾਂ ਕਿਸਾਨਾਂ ਨੇ ਘੇਰ ਲਿਆ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਸਵਾਲ ਪੁੱਛੇ। ਭਾਜਪਾ ਉਮੀਦਵਾਰ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਤੇ ਕਈ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਹੀ ਉੱਥੋਂ ਚਲੇ ਗਏ।
ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਉਪਰ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਹੈ। ਉਹ ਤਾਂ ਸ਼ਾਂਤਮਾਈ ਢੰਗ ਨਾਲ ਰੋਸ ਜਾਹਿਰ ਕਰਨ ਤੇ ਉਮੀਦਵਾਰ ਤੋਂ ਸਵਾਲ ਪੁੱਛਣ ਆਏ ਸਨ। ਜਦ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਹੀ ਉਨ੍ਹਾਂ ਨੇ ਪੁਲਿਸ ਰੋਕਾਂ ਨੂੰ ਤੋੜਿਆ। ਉਨ੍ਹਾਂ ਨੇ ਕਿਹਾ ਕਿ ਸਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਪੂਰੇ ਪੰਜਾਬ ਭਰ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਉਹ ਉਮੀਦਵਾਰ ਨੂੰ ਸਵਾਲ ਪੁੱਛਣ ਆਏ ਸਨ ਪਰ ਉਨ੍ਹਾਂ ਨੇ ਕੁਝ ਹੀ ਜਵਾਬ ਦਿੱਤੇ ਤੇ ਬਹੁਤੇ ਸਵਾਲਾਂ ਦੇ ਜਵਾਬ ਦਿੱਤੇ ਬਿਨਾ ਹੀ ਨਿਕਲ ਗਏ। ਜਦਕਿ ਉਨ੍ਹਾਂ ਦਾ ਉਮੀਦਵਾਰ ਨੂੰ ਸਵਾਲ ਪੁੱਛਣ ਦਾ ਸੰਘਰਸ਼ ਲਗਾਤਾਰ ਚੱਲੇਗਾ।
ਉਧਰ, ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਕਹਿਣਾ ਸੀ ਕਿ ਭਾਜਪਾ ਹੀ ਪਾਰਟੀ ਹੈ ਜੋ ਕਿਸਾਨਾਂ ਦਾ ਹੱਲ ਕਰ ਸਕਦੀ ਹੈ ਤੇ ਉਹ ਖੁਦ ਕਿਸਾਨ ਹਨ ਤੇ ਇਹ ਕਿਸਾਨ ਵੀ ਉਨ੍ਹਾਂ ਦੇ ਭਰਾ ਹਨ। ਉਨ੍ਹਾਂ ਦੀਆਂ ਜੋ ਵੀ ਮੰਗਾਂ ਹਨ, ਉਨ੍ਹਾਂ ਦਾ ਹੱਲ ਬੈਠ ਕੇ ਹੋਵੇਗਾ ਤੇ ਜਦਕਿ ਹੁਣ ਤਾਂ ਚੋਣਾਂ ਹਨ ਤੇ ਚੋਣਾਂ ਤੋਂ ਬਾਅਦ ਇਨ੍ਹਾਂ ਕਿਸਾਨਾਂ ਦੀ ਹਰ ਮੰਗ ਦਾ ਹੱਲ ਹੋਵੇਗਾ।