ਬੇਅੰਤ ਤੇ ਉਸ ਦੇ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ, ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਸੰਘਰਸ਼ ਦੀ ਚੇਤਾਵਨੀ
ਲਵਪ੍ਰੀਤ ਦੀ ਮੌਤ ਲਈ ਜਿੰਮੇਵਾਰ ਉਸਦੀ ਪਤਨੀ ਅਤੇ ਉਸਦੇ ਸਹੁਰਾ ਪਰਿਵਾਰ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ 'ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।
ਬਰਨਾਲਾ: ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਉਸਦੀ ਪਤਨੀ ਬੇਅੰਤ ਅਤੇ ਉਸਦੇ ਪਰਿਵਾਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਲਵਪ੍ਰੀਤ ਦੇ ਪਰਿਵਾਰ ਅਤੇ ਉਸਦੇ ਪਿੰਡ ਵਾਸੀਆਂ ਦਾ ਇੱਕ ਵੱਡਾ ਇਕੱਠ ਰੱਖਿਆ ਗਿਆ। ਇਸ ਇਕੱਠ ਵਿੱਚ ਧਨੌਲਾ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਜਿੰਨ੍ਹਾਂ ਨੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸਦੇ ਨਾਲ ਹੀ ਲਵਪ੍ਰੀਤ ਦੀ ਮੌਤ ਲਈ ਜਿੰਮੇਵਾਰ ਉਸਦੀ ਪਤਨੀ ਅਤੇ ਉਸਦੇ ਸਹੁਰਾ ਪਰਿਵਾਰ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ 'ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਹਿੰਦੀ ਨੇ ਕਿਹਾ ਕਿ ਅੱਜ ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਹਰ ਤਰ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਜਲਦ ਤੋਂ ਜਲਦ ਬੇਅੰਤ ਅਤੇ ਉਸਦੇ ਪਰਿਵਾਰ ਵਿਰੁੱਧ ਪਰਚਾ ਦਰਜ ਕਰੇ। ਇਸਦੇ ਨਾਲ ਹੀ ਲਵਪ੍ਰੀਤ ਦੀ ਪਤਨੀ ਬੇਅੰਤ ਅਤੇ ਉਸਦੇ ਪਰਿਵਾਰ ਦੇ ਫ਼ੋਨ ਜ਼ਬਤ ਕਰਕੇ ਜਾਂਚ ਆਰੰਭ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਹ ਬਰਨਾਲਾ ਦੇ ਐਸਐਸਪੀ ਨੂੰ ਵੀ ਕਈ ਵਾਰ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਤਫਤੀਸ਼ ਦਾ ਲਾਰਾ ਲਗਾ ਦਿੱਤਾ ਜਾਂਦਾ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਲਵਪ੍ਰੀਤ ਦੇ ਬੇਅੰਤ ਨਾਲ ਵਿਆਹ ਦੇ ਸਬੂਤ ਦੇ ਤੌਰ 'ਤੇ ਪੈਲੇਸ ਮਾਲਕ, ਫ਼ੋਟੋਗ੍ਰਾਫ਼ਰ, ਵੀਜ਼ਾ ਲਗਾਉਣ ਵਾਲੇ ਏਜੰਟ ਦੇ ਬਿਆਨ ਕੀਤੇ ਜਾ ਰਹੇ ਹਨ। ਜੇਕਰ ਪੁਲਿਸ ਉਹਨਾਂ ਦੀ ਨਹੀਂ ਸੁਣਦੀ ਤਾਂ ਉਹ ਜਲਦ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰਨਗੇ।
ਲਵਪ੍ਰੀਤ ਦੀ ਪਤਨੀ ਬੇਅੰਤ ਵੱਲੋਂ ਲਵਪ੍ਰੀਤ ਦੇ 2019 ਦੇ ਸੁਸਾਈਡ ਨੋਟ ਸਬੰਧੀ ਉਸਦੇ ਚਾਚਾ ਨੇ ਕਿਹਾ ਕਿ ਲਵਪ੍ਰੀਤ ਦੇ ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਬੇਅੰਤ ਉਸਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਈ ਸੀ। ਉਸ ਸੁਸਾਈਡ ਨੋਟ ਦਾ ਅਰਥ ਗਲਤ ਕੱਢਿਆ ਗਿਆ ਹੈ। ਉਸ ਸੁਸਾਈਡ ਨੋਟ ਵਿੱਚ ਲਵਪ੍ਰੀਤ ਦੇ ਕਹਿਣ ਦਾ ਭਾਵ ਇਹ ਸੀ ਕਿ ਜੇਕਰ ਉਹ ਮਰ ਵੀ ਗਿਆ ਅਤੇ ਉਸਦੇ ਪਰਿਵਾਰ ਨੇ ਉਸਦੀਆਂ ਫ਼ੀਸਾਂ ਫਿਰ ਵੀ ਭਰ ਦਿੱਤੀਆਂ ਤਾਂ ਕੀ ਉਹ ਫਿਰ ਖੁਸ਼ ਹੋ ਜਾਵੇਗੀ।
ਉਸ ਸਮੇਂ ਲਵਪ੍ਰੀਤ ਦੇ ਮਰਨ ਦਾ ਕੋਈ ਇਰਾਦਾ ਨਹੀਂ ਸੀ ਅਤੇ ਪਰਿਵਾਰ ਵਿੱਚ ਵੀ ਇਸ ਸਬੰਧੀ ਗੱਲ ਹੋਈ ਅਤੇ ਉਸਨੂੰ ਸਮਝਾਇਆ ਗਿਆ ਸੀ। ਮੁਨੀਸ਼ਾ ਗੁਲਾਟੀ ਮੈਡਮ ਦੇ ਆਉਣ ਤੋਂ ਬਾਅਦ ਕੋਈ ਕਾਰਵਾਈ ਅੱਗੇ ਵਧਣ ਸਬੰਧੀ ਉਨ੍ਹਾਂ ਕਿਹਾ ਕਿ ਉਸਤੋਂ ਬਾਅਦ ਵੀ ਕੋਈ ਫ਼ਰਕ ਨਹੀਂ ਪਿਆ। ਜਿੱਥੇ ਫ਼ਾਈਲ ਪਹਿਲਾਂ ਪਈ ਸੀ, ਹੁਣ ਵੀ ਉੱਥੇ ਹੀ ਪਈ ਹੈ। ਉਹਨਾਂ ਲਵਪ੍ਰੀਤ ਨੂੰ ਬੀਮਾਰੀ ਸਬੰਧੀ ਲਗਾਏ ਦੋਸ਼ਾਂ 'ਤੇ ਕਿਹਾ ਕਿ ਲਵਪ੍ਰੀਤ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ।
ਜੇਕਰ ਕੋਈ ਇਹ ਇਲਜ਼ਾਮ ਲਗਾ ਰਿਹਾ ਹੈ ਤਾਂ ਡਾਕਟਰ ਬਾਰੇ ਦੱਸਣ ਜਾਂ ਇਸਦੇ ਸਬੂਤ ਪੇਸ਼ ਕਰੇ। ਉਹਨਾਂ ਕਿਹਾ ਕਿ ਜੇਕਰ ਬੇਅੰਤ ਨੂੰ ਲਵਪ੍ਰੀਤ ਨਾਲ ਏਨਾ ਹੀ ਪਿਆਰ ਸੀ ਤਾਂ ਉਹ ਉਸਦੀ ਮੌਤ ਤੋਂ ਬਾਅਦ ਸਾਡੇ ਪਰਿਵਾਰ ਨਾਲ ਸੰਪਰਕ ਕਰਦੀ ਅਤੇ ਕਹਿੰਦੀ ਕਿ ਲਵਪ੍ਰੀਤ ਦਾ ਅੰਤਿਮ ਸਸਕਾਰ ਉਸਦੇ ਆਉਣ ਤੋਂ ਬਾਅਦ ਕੀਤਾ ਜਾਵੇ। ਜੇਕਰ ਉਹ ਚਾਹੁੰਦੀ ਤਾਂ ਕੈਨੇਡਾ ਤੋਂ ਐਮਰਜੈਂਸੀ ਫਲਾਇਟ ਲੈ ਕੇ ਪੰਜਾਬ ਆ ਸਕਦੀ ਸੀ।
ਉਹਨਾਂ ਕਿਹਾ ਕਿ ਬੇਅੰਤ ਦੇ ਇੱਕ ਰਿਸ਼ਤੇਦਾਰ ਨੇ ਸਾਡੇ ਨਾਲ ਸਮਝੌਤੇ ਲਈ ਸੰਪਰਕ ਕੀਤਾ ਸੀ, ਪ੍ਰੰਤੂ ਇਹ ਸਮਝੌਤਾ ਸਾਡਾ ਪੁੱਤ ਲਾਡੀ ਵਾਪਸ ਨਹੀਂ ਲਿਆ ਕੇ ਦੇ ਸਕਦਾ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਚਾਰ ਦਿਨਾਂ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਸ਼ੁਰੂ ਕਰਾਂਗੇ।