ਲੁਧਿਆਣਾ: ਹਿੰਦੂ ਤੇ ਮੁਸਲਿਮ ਭਾਈਚਾਰੇ 'ਚ ਆਪਸੀ ਖਿੱਚੋਤਾਣ ਦੀਆਂ ਖ਼ਬਰਾਂ ਅਕਸਰ ਸੁਣਦੀਆਂ ਹਨ। ਅਜਿਹੇ 'ਚ ਲੁਧਿਆਣਾ 'ਚ ਇੱਕ ਹਿੰਦੂ ਲੜਕੀ ਦਾ ਵਿਆਹ ਇੱਕ ਮੁਸਲਿਮ ਪਰਿਵਾਰ ਨੇ ਕਰਵਾਇਆ ਹੈ। ਵਿਆਹ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਨੂੰ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ ਗਿਆ। ਮੁਸਲਿਮ ਜੋੜੇ ਨੇ ਹੀ ਹਿੰਦੂ ਲੜਕੀ ਦਾ ਕੰਨਿਆਦਾਨ ਕੀਤਾ।


ਦਰਅਸਲ ਲੁਧਿਆਣਾ ਦੇ ਭਟਿਆਨ ਦੀ ਰਹਿਣ ਵਾਲੀ ਪੂਜਾ ਤੇ ਸਾਹਨੇਵਾਲ ਦੇ ਰਹਿਣ ਵਾਲੇ ਸੁਦੇਸ਼ ਦਾ ਵਿਆਹ ਲੌਕਡਾਊਨ ਤੋਂ ਪਹਿਲਾਂ ਤੈਅ ਹੋਇਆ ਸੀ। ਪੂਜਾ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ। ਲੌਕਡਾਊਨ ਤੋਂ ਪਹਿਲਾਂ ਪੂਜਾ ਦੇ ਮਾਤਾ-ਪਿਤਾ, ਭਰਾ ਤੇ ਤਿੰਨ ਭੈਣਾਂ ਪਿੰਡ ਗਏ ਸਨ ਪਰ ਉਹ ਲੌਕਡਾਊਨ 'ਚ ਉੱਥੇ ਹੀ ਫਸ ਗਏ।


ਬਿਹਾਰ ਦੇ ਰਹਿਣ ਵਾਲੇ ਅਬਦੁਲ ਸਾਜਿਦ ਪੂਜਾ ਦੇ ਪਿਤਾ ਨਾਲ ਹੀ ਧਾਗੇ ਦੀ ਫੈਕਟਰੀ 'ਚ ਕੰਮ ਕਰਦੇ ਹਨ। ਜਦੋਂ ਅਬਦੁਲ ਨੂੰ ਪੂਜਾ ਦੇ ਪਰਿਵਾਰ ਦੀ ਮੁਸ਼ਕਿਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੂਜਾ ਦਾ ਵਿਆਹ ਪੂਰੇ ਰਸਮੋ ਰਿਵਾਜ਼ ਨਾਲ ਕਰਨ ਦਾ ਫੈਸਲਾ ਲਿਆ। ਅਬਦੁਲ ਦੇ ਇਸ ਕਦਮ ਤੋਂ ਪੂਜਾ ਦੇ ਪਿਤਾ ਕਾਫੀ ਖੁਸ਼ ਹੋਏ।


ਅਬਦੁਲ ਤੇ ਉਸ ਦੀ ਪਤਨੀ ਨੇ ਮੁੰਡੇ ਵਾਲਿਆਂ ਲਈ ਖਾਣਾ ਵੀ ਬਣਾਇਆ। ਇਸ ਤੋਂ ਇਲਾਵਾ ਪੂਜਾ ਨੂੰ ਤੋਹਫ਼ੇ ਵਜੋਂ ਡਬਲ ਬੈੱਡ, ਅਲਮਾਰੀ ਤੇ ਬਰਤਨ ਵੀ ਦਿੱਤੇ। ਪੂਜਾ ਉਨ੍ਹਾਂ ਨੂੰ ਮਾਮਾ-ਮਾਮੀ ਕਹਿੰਦੀ ਹੈ। ਅਬਦੁਲ ਤੇ ਪੂਜਾ ਦਾ ਪਰਿਵਾਰ ਇਕ ਦੂਜੇ ਨੂੰ ਪਿਛਲੇ ਪੰਜ ਸਾਲ ਤੋਂ ਜਾਣਦੇ ਹਨ।


ਇਹ ਵੀ ਪੜ੍ਹੋ: ਹਰਿਆਣਵੀਆਂ ਮੁਕਾਬਲੇ ਪੰਜਾਬੀ ਤਕੜੇ, ਹੌਸਲੇ ਨਾਲ ਜਿੱਤ ਰਹੇ ਕੋਰੋਨਾ ਜੰਗ


ਇਸ ਵਿਆਹ 'ਚ ਕੁੱਲ 11 ਲੋਕ ਸ਼ਾਮਲ ਹੋਏ। ਅਬਦੁਲ ਦੀ ਪਤਨੀ ਮੁਤਾਬਕ ਉਹ ਪੂਜਾ ਨੂੰ ਆਪਣੀ ਧੀ ਮੰਨਦੇ ਹਨ। ਬੇਸ਼ੱਕ ਮੁੰਡੇ ਵਾਲਿਆਂ ਨੇ ਕੋਈ ਮੰਗ ਨਹੀਂ ਰੱਖੀ ਸੀ ਪਰ ਉਹ ਆਪਣੀ ਧੀ ਨੂੰ ਖਾਲੀ ਹੱਥ ਨਹੀਂ ਜਾਣ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਕੁਝ ਤੋਹਫ਼ੇ ਤੇ ਕੁਝ ਰੁਪਏ ਪੂਜਾ ਨੂੰ ਵਿਦਾ ਕਰਨ ਵੇਲੇ ਦਿੱਤੇ।



ਇਹ ਵੀ ਪੜ੍ਹੋ: ਮਿਥੀ ਤਾਰੀਖ਼ ਤੋਂ ਪਹਿਲਾਂ ਹੀ ਲੱਗਿਆ ਝੋਨਾ, ਖੇਤੀਬਾੜੀ ਅਧਿਕਾਰੀ ਵਾਹੁਣ ਆਏ ਤਾਂ ਵਾਪਰਿਆ ਇਹ ਭਾਣਾ


ਇਹ ਵੀ ਪੜ੍ਹੋ: ਕੈਪਟਨ ਖਿਲਾਫ ਮੁੜ ਬਗਾਵਤ ਦਾ ਝੰਡਾ, ਸੰਸਦ ਮੈਂਬਰ ਤੇ ਦੋ ਵਿਧਾਇਕਾਂ ਨੇ ਵਿਖਾਏ ਸਖਤ ਤੇਵਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ