ਚੰਡੀਗੜ੍ਹ: ਲੁਧਿਆਣਾ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਹੈ। ਸਾਰੀਆਂ ਹੀ ਪਾਰਟੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਸਰਗਰਮ ਹਨ। ਚੋਣਾਂ 24 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 27 ਫਰਵਰੀ ਨੂੰ ਆਉਣਗੇ। ਪੰਜਾਬ ਦੀਆਂ ਸਾਰੀਆਂ ਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਹਨ।
ਲੁਧਿਆਣਾ ਨਿਗਮ ਚੋਣਾਂ 'ਚ ਇੱਕ ਪਾਸੇ ਸੱਤਾ ਧਿਰ ਕਾਂਗਰਸ ਜਿੱਤ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਗਠਜੋੜ ਵੀ ਡਟਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸਾਡਾ ਗਠਜੋੜ ਸਭ ਤੋਂ ਮਜ਼ਬੂਤ ਹੈ ਤੇ ਲੁਧਿਆਣਾ ਨਿਗਮ ਚੋਣ ਅਸੀਂ ਜਿੱਤਾਂਗੇ। ਕੱਲ੍ਹ ਹੀ ਚੋਣ ਕਮਿਸ਼ਨਰ ਵੱਲੋਂ 9 ਨਿਗਰਾਨ ਨਿਯੁਕਤ ਕੀਤੇ ਗਏ ਹਨ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਮੰਗ ਕੀਤੀ ਸੀ ਕਿ ਲੁਧਿਆਣਾ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਬਾਹਰਲੇ ਸੂਬੇ ਦਾ ਅਬਜ਼ਰਵਰ ਲਾਇਆ ਜਾਵੇ ਤੇ ਨਾਲ ਹੀ ਫੌਜ ਤਾਇਨਾਤ ਕੀਤੀ ਜਾਵੇ। ਬੈਂਸ ਨੇ ਕਿਹਾ ਸੀ ਕਿ ਨਿਗਮ ਚੋਣਾਂ ਦੌਰਾਨ ਕਾਂਗਰਸ ਕਥਿਤ ਧੱਕੇਸ਼ਾਹੀ ਕਰੇਗੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਸਾਜ਼ਿਸ਼ ਤਹਿਤ ਲੁਧਿਆਣਾ ਦੀਆਂ ਨਿਗਮ ਚੋਣਾਂ ਅੱਗੇ ਪਾਈਆਂ ਸਨ।