ਬਠਿੰਡਾ: ਸ਼ਹਿਰ ਦੇ ਗੋਪਾਲ ਨਗਰ ਤੋਂ ਅੱਜ ਭੇਤਭਰੇ ਹਾਲਾਤ ਵਿੱਚ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਮਾਮਲੇ ਵਿੱਚ ਬਠਿੰਡਾ ਦੇ ਥਰਮਲ ਪਲਾਂਟ ਦੀ ਦੋ ਨੰਬਰ ਝੀਲ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਰਾਹੁਲ ਸਿੰਗਲਾ ਵਜੋਂ ਹੋਈ ਹੈ ਜੋ ਗੋਨਿਆਣਾ ਦਾ ਰਹਿਣ ਵਾਲਾ ਹੈ। ਰਾਹੁਲ ਅੱਜ ਸਵੇਰੇ ਸੈਰ ਕਰਨ ਲਈ ਘਰੋਂ ਨਿਕਲਿਆ ਸੀ ਤੇ ਉਸ ਦੀ ਲਾਸ਼ ਬਠਿੰਡਾ ਦੀ ਝੀਲ ਵਿੱਚੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਾਹੁਲ ਦੋ ਵਾਰ ਬਾਰ੍ਹਵੀਂ ਜਮਾਤ ਵਿੱਚੋਂ ਫੇਲ੍ਹ ਹੋ ਜਾਣ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਅੱਜ ਉਸ ਨੇ ਬਠਿੰਡਾ ਦੀ ਝੀਲ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਉਧਰ ਗੋਪਾਲ ਨਗਰ ਤੋਂ ਰਾਜ ਰਾਣੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਬੀਤੀ ਰਾਤ ਉਸ ਨੂੰ ਸੀਨੇ 'ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਉਹ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਅੱਗੇ ਰੈਫਰ ਕਰ ਦਿੱਤਾ। ਪਰਿਵਾਰ ਮੁਤਾਬਕ ਡਾਕਟਰਾਂ ਨੇ ਰਾਜ ਰਾਣੀ ਦਾ ਖ਼ੂਨ ਦਾ ਦਬਾਅ ਵਧਿਆ ਦੱਸਿਆ ਸੀ। ਇਸ ਤੋਂ ਬਾਅਦ ਅਚਾਨਕ ਉਸ ਦੀ ਮੌਤ ਹੋ ਗਈ।
ਰਾਜ ਰਾਣੀ ਦੇ ਪੁੱਤਰ ਨੇ ਦੱਸਿਆ ਕੇ ਰਾਜ ਰਾਣੀ ਨੇ ਕਈ ਲੋਕਾਂ ਤੋਂ ਕਰਜ਼ ਲਿਆ ਹੋਇਆ ਸੀ, ਇਸ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੀ ਸੀ। ਪੁਲਿਸ ਦੋਵਾਂ ਮਾਮਲਿਆਂ ਦੀ ਖ਼ੁਦਕੁਸ਼ੀ ਸਮੇਤ ਹੋਰਨਾਂ ਪੱਖਾਂ ਤੋਂ ਵੀ ਜਾਂਚ ਕਰ ਰਹੀ ਹੈ ਪਰ ਇਹ ਸ਼ੱਕ ਪੋਸਟਮਾਰਟਮ ਤੋਂ ਬਾਅਦ ਹੀ ਦੂਰ ਕੀਤਾ ਜਾ ਸਕਦਾ ਹੈ।