ਲੁਧਿਆਣਾ: 24 ਤਾਰੀਖ਼ ਨੂੰ ਹੋਣ ਵਾਲੀ ਨਗਰ ਨਿਗਮ ਦੀ ਚੋਣ ਲਈ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਸ਼ਹਿਰ ਵਿੱਚ ਧਾਰਾ 144 ਲੱਗੀ ਹੋਣ ਕਾਰਨ ਹੁਣ ਪੰਜ ਤੋਂ ਜ਼ਿਆਦਾ ਲੋਕ ਕਿਸੇ ਦੇ ਘਰਾਂ ਵਿੱਚ ਨਹੀਂ ਜਾ ਸਕਣਗੇ। 95 ਵਾਰਡਾਂ ਦੇ ਨੁਮਾਇੰਦਿਆਂ ਦੀ ਚੋਣ ਲਈ ਕੁੱਲ 494 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਕਾਂਗਰਸ ਦੇ 95, ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸੰਯੁਕਤ ਰੂਪ ਵਿੱਚ 95 ਤੇ ਸ਼੍ਰੋਮਣੀ ਅਕਾਲੀ ਦਲ ਨੇ 95 ਉਮੀਦਵਾਰ ਐਲਾਨੇ ਹਨ। ਬਾਕੀ ਬਚੇ 209 ਆਜ਼ਾਦ ਹੀ ਚੋਣ ਲੜ ਰਹੇ ਹਨ।
ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚੋਂ ਤਕਰੀਬਨ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਤੇ 23 ਤੀਸਰਾ ਲਿੰਗ ਹਨ।
ਜ਼ਿਲ੍ਹਾ ਚੋਣ ਅਫ਼ਸਰ-ਸਹਿ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣ ਅਮਲੇ ਨਾਲ ਗੱਲਬਾਤ ਕੀਤੀ ਤੇ ਕੁਝ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਦੀ ਰਿਟਰਨਿੰਗ ਅਫ਼ਸਰ ਵੱਲੋਂ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਜੇਕਰ ਕੋਈ ਉਮੀਦਵਾਰ ਆਪਣੇ ਪੱਧਰ 'ਤੇ ਵੀਡੀਓਗ੍ਰਾਫੀ ਕਰਵਾਉਣੀ ਚਾਹੇਗਾ ਤਾਂ ਉਹ ਬਕਾਇਦਾ ਰਿਟਰਨਿੰਗ ਅਫ਼ਸਰ ਤੋਂ ਲਿਖ਼ਤੀ ਪ੍ਰਵਾਨਗੀ ਲੈ ਕੇ ਹੀ ਪੋਲਿੰਗ ਸਟੇਸ਼ਨ ਦੇ ਬਾਹਰੋਂ ਇੱਕ ਕੈਮਰੇ ਨਾਲ ਵੀਡੀਓਗ੍ਰਾਫੀ ਕਰਵਾ ਸਕਦਾ ਹੈ। ਵੀਡੀਓਗ੍ਰਾਫੀ ਦਾ ਖਰਚਾ ਸਬੰਧਤ ਉਮੀਦਵਾਰ ਦੇ ਚੋਣ ਖ਼ਰਚ ਵਿੱਚ ਦਰਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਅਧੀਨ ਆਉਂਦੇ ਖੇਤਰਾਂ ਵਿੱਚ ਕੁੱਲ 1153 ਪੋਲਿੰਗ ਬੂਥ ਬਣਾਏ ਗਏ ਹਨ। 24 ਤੋਂ 27 ਫਰਵਰੀ ਤੱਕ ਬਿਜਲਈ ਵੋਟਿੰਗ ਮਸ਼ੀਨਾਂ ਦੀ ਸੰਭਾਲ ਲਈ 9 ਜਗ੍ਹਾ 'ਤੇ 9 ਸਟਰਾਂਗ ਰੂਮ ਤਿਆਰ ਕੀਤੇ ਗਏ ਹਨ, ਜਿਨ੍ਹਾਂ 'ਤੇ 24 ਘੰਟੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ। ਇਹ ਕੈਮਰੇ ਵਾਈ-ਫਾਈ ਸਹੂਤਲਯੁਕਤ ਹੋਣਗੇ, ਜਿਨ੍ਹਾਂ ਨੂੰ ਚੋਣ ਅਧਿਕਾਰੀ ਤੇ ਉਮੀਦਵਾਰ ਪਾਸਵਰਡ ਲਗਾ ਕੇ ਕਿਸੇ ਵੀ ਜਗ੍ਹਾ ਤੋਂ ਦੇਖ ਸਕਣਗੇ। ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ।