Punjab News: ਮੰਡੀਆ 'ਚ ਐਮਐਸਪੀ 'ਤੇ ਨਹੀਂ ਵਿਕ ਰਹੀ ਮੱਕੀ ਤੇ ਮੂੰਗੀ ਦੀ ਫਸਲ, ਸਰਕਾਰ ਨਾਲ ਮੀਟਿੰਗ ਮਗਰੋਂ ਕਿਸਾਨਾਂ ਦੀ ਚੇਤਾਵਨੀ
ਪੰਜਾਬ ਦੀਆਂ ਮੰਡੀਆਂ 'ਚ ਮੱਕੀ ਤੇ ਮੂੰਗੀ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਪਰ ਸਰਕਾਰੀ ਏਜੰਸੀਆਂ ਇਸ ਦੀ ਖਰੀਦ ਨਹੀਂ ਕਰ ਰਹੀਆਂ। ਇਸ ਕਾਰਨ ਵਪਾਰੀ ਇਸ ਦਾ ਫਾਇਦਾ ਉਠਾ ਰਹੇ ਹਨ ਤੇ ਕਿਸਾਨ ਦੁਖੀ ਹਨ।
Punjab News: ਅੱਜ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਫਸਲਾਂ ਦੀ ਖਰੀਦ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਹੋਈ ਹੈ। ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਅਸੀਂ ਮੁੱਖ ਮੰਤਰੀ ਤੋਂ ਮੀਟਿੰਗ ਲਈ ਸਮਾਂ ਮੰਗਿਆ ਹੈ। ਇਸ ਲਈ ਅਸੀਂ ਆਉਣ ਵਾਲੇ ਕੁਝ ਦਿਨਾਂ ਦਾ ਇੰਤਜ਼ਾਰ ਕਰਾਂਗੇ। ਹੁਣ ਵੇਖਾਂਗੇ ਕਿ ਮੁੱਖ ਮੰਤਰੀ ਮੀਟਿੰਗ ਲਈ ਸਮਾਂ ਦੇਣਗੇ ਜਾਂ ਨਹੀਂ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਚੰਦਰ ਸ਼ਰਮਾ ਤੇ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ 'ਚ ਮੱਕੀ ਤੇ ਮੂੰਗੀ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਪਰ ਸਰਕਾਰੀ ਏਜੰਸੀਆਂ ਇਸ ਦੀ ਖਰੀਦ ਨਹੀਂ ਕਰ ਰਹੀਆਂ। ਇਸ ਕਾਰਨ ਵਪਾਰੀ ਇਸ ਦਾ ਫਾਇਦਾ ਉਠਾ ਰਹੇ ਹਨ ਤੇ ਕਿਸਾਨ ਦੁਖੀ ਹਨ। ਇਸ ਨਾਲ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਜਿੰਨੀ ਗੱਲ ਕੀਤੀ ਜਾਂਦੀ ਸੀ, ਓਨੀ ਐਮਐਸਪੀ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਅੱਜ ਸਾਨੂੰ ਸਿਰਫ਼ ਏਕਾ ਦਿਖਾਉਣ ਲਈ ਸੰਘਰਸ਼ ਕਰਨਾ ਪਿਆ, ਪਰ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਦਾ ਰੂਪ ਹੋਰ ਵੀ ਵਧ ਸਕਦਾ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੂੰਗੀ ਦੀ ਖਰੀਦ ਸਰਕਾਰੀ ਰੇਟ ਉੱਪਰ ਨਾ ਹੋਣ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਹੈ ਕਿ 'ਆਪ' ਸਰਕਾਰ ਲਗਾਤਾਰ ਦੂਜੀ ਵਾਰ ਮੂੰਗੀ ਉਤਪਾਦਕਾਂ ਨੂੰ ਨਿਰਾਸ਼ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਉਪਜ ਘੱਟ ਮੁੱਲ ਉੱਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰੀ ਏਜੰਸੀਆਂ ਮੂੰਗੀ ਦੀ ਖਰੀਦ ਕਰਨ ਵਿੱਚ ਅਸਫਲ ਹਨ। ਫੇਸਬੁੱਕ ਉਪਰ ਪੋਸਟ ਸ਼ੇਅਰ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ 7755 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਮੂੰਗੀ ਦੀ ਤੁਰੰਤ ਖਰੀਦ ਤੋਂ ਇਲਾਵਾ, ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਸਰਕਾਰ ਮੂੰਗੀ ਉਤਪਾਦਕਾਂ ਨੂੰ ਪ੍ਰਾਈਵੇਟ ਵਪਾਰੀਆਂ ਕੋਲ ਘੱਟ ਰੇਟ 'ਤੇ ਫਸਲ ਵੇਚਣ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਦੇਵੇ।
ਉਨ੍ਹਾਂ ਕਿਹਾ ਹੈ ਕਿ ਪਿਛਲੇ ਸਾਲ ਕਿਸਾਨਾਂ ਨੇ ਮੁੱਖ ਮੰਤਰੀ ਦੀ ਨਿੱਜੀ ਅਪੀਲ ਤੇ ਭਰੋਸੇ ਦੇ ਬਾਅਦ ਮੂੰਗੀ ਦੀ ਬਿਜਾਈ ਕੀਤੀ ਸੀ ਕਿ ਉਨ੍ਹਾਂ ਦੀ ਉਪਜ ਸਮਰਥਨ ਮੁੱਲ (ਐਮਐਸਪੀ) 'ਤੇ ਖਰੀਦੀ ਜਾਵੇਗੀ। ਹਾਲਾਂਕਿ ਸਰਕਾਰ ਨੇ ਮੰਡੀ ਵਿੱਚ ਆਉਣ ਵਾਲੀ ਕੁੱਲ ਉਪਜ ਦਾ ਸਿਰਫ਼ 17% ਹੀ ਖਰੀਦਿਆ ਤੇ ਇਸ ਸੀਜ਼ਨ ਵਿੱਚ ਤਾਂ ਸਰਕਾਰੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਵੀ 77% ਘੱਟ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇੱਥੇ ਹੀ ਬੱਸ ਨਹੀਂ, ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਵੀ ਖੱਜਲ-ਖੁਆਰ ਕੀਤਾ ਗਿਆ ਹੈ। ਮੱਕੀ ਦਾ 2090 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ ਹੋਣ ਦੇ ਬਾਵਜੂਦ ਕਿਸਾਨ 1900 ਰੁਪਏ ਪ੍ਰਤੀ ਕੁਇੰਟਲ 'ਤੇ ਮੱਕੀ ਵੇਚ ਰਿਹਾ ਹੈ।