ਸੁਨੀਲ ਜਾਖੜ ਦੀ ਵਾਪਸੀ 'ਤੇ ਮਜੀਠੀਆ ਨੇ ਲਈ ਚੁਟਕੀ, ਕੀਤਾ ਵਿਅੰਗ
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫ਼ਾ ਨਾ-ਮਨਜ਼ੂਰ ਹੋਣ ਤੋਂ ਬਾਅਦ ਦੁਬਾਰਾ ਆਪਣੀ ਪ੍ਰਧਾਨਗੀ ਦੀ ਕੁਰਸੀ ਸੰਭਾਲ ਲਈ ਹੈ। ਉਨ੍ਹਾਂ ਦੀ ਵਾਪਸੀ 'ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੁਟਕੀ ਲੈਂਦਿਆਂ ਕਿਹਾ ਕਿ ਸੁਨੀਲ ਜਾਖੜ ਤਾਂ ਬਨਵਾਸ ਤੋਂ ਮੁੜ ਆਏ ਹਨ, ਬਿਹਤਰ ਹੁੰਦਾ ਕਿ ਰਾਹੁਲ ਗਾਂਧੀ ਨੂੰ ਵੀ ਨਾਲ ਲੈ ਆਉਂਦੇ।
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫ਼ਾ ਨਾ-ਮਨਜ਼ੂਰ ਹੋਣ ਤੋਂ ਬਾਅਦ ਦੁਬਾਰਾ ਆਪਣੀ ਪ੍ਰਧਾਨਗੀ ਦੀ ਕੁਰਸੀ ਸੰਭਾਲ ਲਈ ਹੈ। ਉਨ੍ਹਾਂ ਦੀ ਵਾਪਸੀ 'ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਚੁਟਕੀ ਲੈਂਦਿਆਂ ਕਿਹਾ ਕਿ ਸੁਨੀਲ ਜਾਖੜ ਤਾਂ ਬਨਵਾਸ ਤੋਂ ਮੁੜ ਆਏ ਹਨ, ਬਿਹਤਰ ਹੁੰਦਾ ਕਿ ਰਾਹੁਲ ਗਾਂਧੀ ਨੂੰ ਵੀ ਨਾਲ ਲੈ ਆਉਂਦੇ।
ਮਜੀਠੀਆ ਨੇ ਕਿਹਾ ਕਿ ਮੰਗਲਵਾਰ ਨੂੰ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਮੰਨਿਆ ਕਿ ਸਰਕਾਰ ਚੁਣੇ ਹੋਏ ਵਿਧਾਇਕ ਨਹੀਂ, ਬਾਬੂਸ਼ਾਹੀ ਚਲਾ ਰਹੀ ਹੈ। SC ਸਕਾਲਰਸ਼ਿਪ ਤੇ ਮੁਲਾਜ਼ਮਾਂ ਦਾ DA ਨਹੀਂ ਮਿਲ ਰਿਹਾ, ਪਰ ਸਰਕਾਰ ਸਲਾਹਕਾਰਾਂ 'ਤੇ ਪੈਸਾ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ 'ਸੁਪਰ ਸੀਐਮ' ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਜਾਖੜ ਮੁਤਾਬਕ ਮੁੱਖ ਮੰਤਰੀ ਨੇ ਮੰਨ ਲਿਆ ਕਿ ਮੰਤਰੀਆਂ ਦਾ ਵਿਧਾਇਕਾਂ ਨਾਲ ਤਾਲਮੇਲ ਨਹੀਂ, ਇਸ ਲਈ ਉਨ੍ਹਾਂ ਨੂੰ ਬਿਆਨ ਜਾਰੀ ਕਰਨਾ ਪਿਆ। ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਕੀ ਵਜ਼ੀਰ ਸਿਰਫ ਕਾਂਗਰਸ ਵਿਧਾਇਕਾਂ ਨਾਲ ਤਾਲਮੇਲ ਬਣਾਉਣਗੇ ਜਾਂ ਵਿਰੋਧੀਆਂ ਨਾਲ ਵੀ ਰਾਬਤਾ ਬਣਾਉਣਗੇ।
ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਸੇ ਸਮਾਗਮ ਵਿੱਚ ਜਾਂਦੇ ਹਨ, ਜਿਸ ਵਿੱਚ ਉਹ ਇੱਕ ਗੇਟ ਤੋਂ ਦਾਖ਼ਲ ਹੋ ਕੇ ਦੂਜੇ ਵਿੱਚੋਂ ਭੱਜ ਸਕਣ, ਕਿਉਂਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਬੰਪਰ ਨੌਕਰੀਆਂ ਦਾ ਦਾਅਵਾ ਕਰਦੀ ਹੈ, ਪਹਿਲਾਂ ਸਰਕਾਰ ਉਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਪੂਰੀ ਦੇਵੇ ਜਿਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕੀਤੀ ਗਈ ਸੀ।