ਅੰਮ੍ਰਿਤਸਰ: ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਪੈਸੇ ਵਸੂਲਣ ਦੀ ਸਟਿੰਗ ਵੀਡੀਓ ਕਾਰਨ 'ਆਪ' 'ਚ ਮੱਚੇ ਬਵਾਲ 'ਤੇ ਚੁਟਕੀ ਲਈ ਹੈ। ਉਨ੍ਹਾਂ ਇਸ ਨੂੰ 'ਆਪ' ਦਾ ਇੱਕ ਟ੍ਰੇਲਰ ਮਾਤਰ ਦੱਸਿਆ। ਉਨ੍ਹਾਂ ਕਿਹਾ ਕਿ ਨੇੜੇ ਭਵਿੱਖ 'ਚ 'ਆਪ' ਦੇ ਆਗੂਆਂ ਦੀ ਲੁੱਟ ਸਬੰਧੀ ਵਧੇਰੇ ਖ਼ੁਲਾਸਿਆਂ ਨੂੰ ਸੁਣਨ ਲਈ ਤਿਆਰ ਰਹਿਣ।

 

ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਤੇ 'ਆਪ' ਲੋਕਾਂ 'ਚ ਭਰੋਸੇਯੋਗਤਾ ਗਵਾ ਚੁੱਕੀ ਹੈ। ਕੇਜਰੀਵਾਲ ਜਨਤਾ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰਿਆ। ਉਸ ਵੱਲੋਂ ਦਿਖਾਇਆ ਗਿਆ ਇਨਕਲਾਬ ਛਲਾਵਾ ਹੀ ਨਿਕਲਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਗੈਰ ਸਿਧਾਂਤਕ, ਬੇਅਸੂਲ, ਨਟਵਰ ਲਾਲ ਤੇ ਬਨਾਰਸ ਦਾ ਠੱਗ ਬਣ ਚੁੱਕਿਆ ਹੈ ਜੋ ਆਪਣੇ ਹੀ ਪਾਰਟੀ ਵਿੱਚ ਆਪਣੇ ਤੋਂ ਉਲਟ ਸੋਚ ਰੱਖਣ ਵਾਲਿਆਂ ਨੂੰ ਸਿਆਸੀ ਤੌਰ 'ਤੇ ਖਤਮ ਕਰਨ ਲਈ ਸਿਆਸਤ ਦਾ ਅਜੋਕੇ ਕੰਸ ਦੀ ਭੂਮਿਕਾ ਬੇਸ਼ਰਮੀ ਨਾਲ ਨਿਭਾਅ ਰਿਹਾ ਹੈ।

 

 

ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਲੋਕਾਂ ਦਾ ਆਸ ਮੁਤਾਬਕ ਸਮਰਥਨ ਮਿਲਦਾ ਨਾ ਦੇਖ ਕੇਜਰੀਵਾਲ ਵੱਲੋਂ ਬੌਖਲਾਹਟ 'ਚ ਆ ਕੇ ਆਪਣੇ ਯੂ.ਪੀ. ਤੇ ਬਿਹਾਰ ਦੇ ਚਹੇਤਿਆਂ ਰਾਹੀਂ ਪੰਜਾਬੀਆਂ ਦੀ ਸੰਸਕ੍ਰਿਤੀ 'ਤੇ ਹੀ ਹਮਲਾ ਬੋਲਿਆ ਜਾ ਰਿਹਾ ਹੈ। ਪੰਜਾਬੀਆਂ 'ਤੇ ਚੌਧਰ ਜਮਾਉਣ ਵਾਲੇ ਉਕਤ ਲੋਕਾਂ ਦੀ ਪੰਜਾਬੀਆਂ ਪ੍ਰਤੀ ਗੰਦੀ ਤੇ ਭੱਦੀ ਸ਼ਬਦਾਵਲੀ ਨੂੰ ਕੋਈ ਵੀ ਅਣਖੀ ਪੰਜਾਬੀ ਸਹਿਣ ਨਹੀਂ ਕਰ ਸਕਦਾ।

 

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣੇ 'ਤੇ ਹੋਏ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਮੂੰਹ ਤੋੜਵਾਂ ਜਵਾਬ ਦਿੱਤਾ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੀ ਜਨਤਾ ਨੂੰ ਧੋਖਾ ਦੇਣ 'ਚ ਕਾਮਯਾਬ ਤਾਂ ਰਿਹਾ, ਪਰ ਹੁਣ ਦਿਲੀ ਦੀ ਜਨਤਾ ਵੀ ਕੇਜਰੀਵਾਲ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਤੋਂ ਖਫ਼ਾ ਹਨ। ਜਨਤਾ ਦੀ ਇਹ ਵੱਡੀ ਸ਼ਿਕਾਇਤ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮੁੱਦੇ 'ਤੇ ਰਾਜਨੀਤੀ ਆਉਣ ਵਾਲਾ ਕੇਜਰੀਵਾਲ ਜਨ ਲੋਕਪਾਲ ਬਿੱਲ ਲਾਗੂ ਕਰਨ ਦੀ ਥਾਂ ਭ੍ਰਿਸ਼ਟਾਚਾਰ ਨੂੰ ਹੁੰਗਾਰਾ ਦੇ ਰਿਹਾ ਹੈ।