ਚੰਡੀਗੜ੍ਹ: ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਸੰਗਰੂਰ ਤੋਂ 15 ਅਪ੍ਰੈਲ ਤੋਂ ਸੂਬਾ ਪੱਧਰੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਇਹ ਜਾਣਕਾਰੀ 'ਆਪ' ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਦਿੱਤੀ। ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਪਾਰਟੀ ਨੇ ਚੋਣ ਪ੍ਰਚਾਰ ਸਬੰਧੀ ਪੂਰੀ ਯੋਜਨਾਬੰਦੀ ਬਣਾ ਲਈ ਹੈ। ਇਸ ਤਹਿਤ 15 ਅਪ੍ਰੈਲ ਨੂੰ ਮਨੀਸ਼ ਸਿਸੋਦੀਆ ਸੰਗਰੂਰ ਵਿੱਚ ਪਾਰਟੀ ਵਰਕਰਾਂ, ਵਲੰਟੀਅਰਾਂ ਦੀ ਬੈਠਕ ਕਰਨਗੇ।


ਇਸ ਦੇ ਨਾਲ ਹੀ ਅਮਨ ਅਰੋੜਾ ਨੇ ਪਾਰਟੀ ਦੀ 5 ਮੈਂਬਰੀ ਸੂਬਾ ਪੱਧਰੀ ਚੋਣ ਕਮੇਟੀ ਦਾ ਐਲਾਨ ਕੀਤਾ ਹੈ। ਇਸ ਵਿੱਚ ਹਰਚੰਦ ਸਿੰਘ ਬਰਸਟ, ਨਵਦੀਪ ਸਿੰਘ ਸੰਘਾ, ਨੀਲ ਗਰਗ, ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ ਤੇ ਅਵਤਾਰ ਸਿੰਘ ਈਲਵਾਲ ਸ਼ਾਮਲ ਹਨ। ਅਰੋੜਾ ਨੇ ਦੱਸਿਆ ਕਿ ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਿੱਚ ਜ਼ਰੂਰਤ ਅਨੁਸਾਰ ਇਜ਼ਾਫਾ ਵੀ ਕੀਤਾ ਜਾਂਦਾ ਰਹੇਗਾ ਤੇ ਇਹ ਕਮੇਟੀ ਮੈਂਬਰ ਵੱਖ-ਵੱਖ ਹਲਕਿਆਂ ਦੀ ਚੋਣ ਪ੍ਰਚਾਰ ਮੁਹਿੰਮ ਦੀ ਕਮਾਨ ਸੰਭਾਲਣਗੇ।

ਉਨ੍ਹਾਂ ਦੱਸਿਆ ਕਿ ਚੋਣ ਮੁਹਿੰਮ ਕਮੇਟੀ ਦੇ ਮੈਂਬਰ ਪਾਰਟੀ ਉਮੀਦਵਾਰ ਤੇ ਬੂਥ ਪੱਧਰ ਦੀਆਂ ਕਮੇਟੀਆਂ ਵਿਚਕਾਰ ਪੁਲ ਦਾ ਕੰਮ ਕਰਨਗੇ। ਅਰੋੜਾ ਨੇ ਦੱਸਿਆ ਕਿ ਬਤੌਰ ਚੋਣ ਪ੍ਰਚਾਰ ਕਮੇਟੀ ਚੇਅਰਮੈਨ ਉਹ 16 ਅਪ੍ਰੈਲ ਨੂੰ ਹੁਸ਼ਿਆਰਪੁਰ ਤੇ ਜਲੰਧਰ, 17 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਪਟਿਆਲਾ, 18 ਅਪ੍ਰੈਲ ਨੂੰ ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ ਨੂੰ ਗੁਰਦਾਸਪੁਰ ਤੇ ਅੰਮ੍ਰਿਤਸਰ ਤੇ 1 ਅਪ੍ਰੈਲ ਨੂੰ ਫ਼ਰੀਦਕੋਟ ਤੇ ਫ਼ਿਰੋਜ਼ਪੁਰ ਵਿੱਚ ਬੈਠਕਾਂ ਦਾ ਦੌਰਾ ਰਹੇਗਾ।