ਯੂਕਰੇਨ 'ਚ ਫਸੀਆਂ ਮਾਨਸਾ ਜ਼ਿਲ੍ਹੇ ਦੀਆਂ ਪੰਜ ਵਿਦਿਆਰਥਣਾਂ, ਪਰਿਵਾਰਾਂ ਦੇ ਸਾਹ ਸੁੱਕੇ
ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ ਵਧ ਰਹੇ ਤਣਾਅ ਕਾਰਨ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ (ਭੀਖੀ, ਮਾਨਸਾ, ਖੜਕ ਸਿੰਘ ਵਾਲਾ ਅਤੇ ਰੱਲਾ) ਦੀਆਂ ਪੰਜ ਨੌਜਵਾਨ ਲੜਕੀਆਂ ਫਸ ਗਈਆਂ ਹਨ
ਮਾਨਸਾ: ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ ਵਧ ਰਹੇ ਤਣਾਅ ਕਾਰਨ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ (ਭੀਖੀ, ਮਾਨਸਾ, ਖੜਕ ਸਿੰਘ ਵਾਲਾ ਅਤੇ ਰੱਲਾ) ਦੀਆਂ ਪੰਜ ਨੌਜਵਾਨ ਲੜਕੀਆਂ ਫਸ ਗਈਆਂ ਹਨ ਜਿਨ੍ਹਾਂ ਦੇ ਮਾਪੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ, ਜਦਕਿ ਯੂਕਰੇਨ 'ਚ ਬੈਠੀਆਂ ਲੜਕੀਆਂ ਨੇ ਫੋਨ 'ਤੇ ਦੱਸਿਆ ਕਿ ਅਸੀਂ ਡਰ ਕਾਰਨ ਬੰਕਰਾਂ 'ਚ ਭੁੱਖੇ-ਪਿਆਸੇ ਬੈਠੇ ਹਾਂ।
ਯੂਕਰੇਨ ਦੇ ਸ਼ਹਿਰ ਖਾਰੀਵ ਸਥਿਤ ਖਾਰੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਮੈਡੀਸਨ ਦੀ ਪੜ੍ਹਾਈ ਕਰ ਰਹੀਆਂ ਮਾਨਸਾ ਦੇ ਵੱਖ-ਵੱਖ ਪਿੰਡਾਂ (ਭੀਖੀ, ਮਾਨਸਾ, ਖੜਕ ਸਿੰਘ ਵਾਲਾ ਤੇ ਰੱਲਾ) ਦੀਆਂ ਲੜਕੀਆਂ ਓਥੇ ਜੰਗ ਕਾਰਨ ਵਿਗੜ ਰਹੇ ਹਾਲਾਤਾਂ ਤੋਂ ਪ੍ਰੇਸ਼ਾਨ ਹਨ।
ਮਨਜਿੰਦਰ ਕੌਰ ਪੁੱਤਰੀ ਗੁਰਤੇਜ ਸਿੰਘ ਵਾਸੀ ਮਾਨਸਾ, ਅੰਸ਼ਿਕਾ ਪੁੱਤਰੀ ਭੀਖੀ ਕਸਬਾ ਬਲਵਿੰਦਰ ਸ਼ਰਮਾ, ਜਸ਼ਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ ਪਿੰਡ ਖੜਕ ਸਿੰਘ ਵਾਲਾ, ਮੀਨੂੰ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਪਿੰਡ ਰੱਲਾ ਅਤੇ ਸੁਖਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਯੂਕਰੇਨ ਵਿੱਚ ਫਸੀਆਂ ਹੋਈਆਂ ਹਨ।
ਇਨ੍ਹਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਯੂਕਰੇਨ ਵਿੱਚ ਲੜਾਈ ਦੇ ਹਾਲਾਤਾਂ ਤੋਂ ਦੁਖੀ ਹਾਂ, ਕਿਉਂਕਿ ਉਥੋਂ ਦੀ ਅੰਬੈਸੀ ਅਤੇ ਯੂਨੀਵਰਸਿਟੀ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਜਦੋਂ ਸਾਨੂੰ ਉੱਥੋਂ ਦੇ ਹਾਲਾਤ ਬਾਰੇ ਪਤਾ ਲੱਗਾ ਤਾਂ ਅਸੀਂ ਟਿਕਟਾਂ ਵੀ ਬੁੱਕ ਕਰਵਾ ਦਿੱਤੀਆਂ ਪਰ ਇਸ ਤੋਂ ਪਹਿਲਾਂ ਮਾਹੌਲ ਖ਼ਰਾਬ ਹੋ ਗਿਆ, ਜਿਸ ਕਾਰਨ ਸਾਡੇ ਬੱਚੇ ਉਥੇ ਫਸੇ ਹੋਏ ਹਨ।
ਉਨ੍ਹਾਂ ਕਿਹਾ ਕਿ ਬੱਚੇ ਉਥੇ ਮੈਟਰੋ ਤੇ ਬੰਕਰਾਂ ਵਿੱਚ ਬੰਦ ਹੋ ਕੇ ਆਪਣਾ ਸਮਾਂ ਪਾਸ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਜੋ ਬੱਚੇ ਸੁਰੱਖਿਅਤ ਆਪਣੇ ਘਰਾਂ ਨੂੰ ਪਰਤ ਸਕਣ।
ਪਿੰਡ ਰੱਲਾ ਦੀ ਵਸਨੀਕ ਸੁਖਪ੍ਰੀਤ ਕੌਰ ਅਤੇ ਮੀਨੂੰ ਕੌਰ ਵੀ ਇਸ ਸਮੇਂ ਯੂਕਰੇਨ ਵਿੱਚ ਫਸੀਆਂ ਹੋਈਆਂ ਹਨ। ਸੁਖਪ੍ਰੀਤ ਕੌਰ ਦੀ ਮਾਤਾ ਕੁਲਵਿੰਦਰ ਕੌਰ ਨੇ ਵੀਡੀਓ ਕਾਲ ਰਾਹੀਂ ਆਪਣੀ ਧੀ ਦਾ ਹਾਲ ਚਾਲ ਪੁੱਛਿਆ ਅਤੇ ਦੱਸਿਆ ਕਿ ਬੱਚੀ ਉਥੇ ਐਮਬੀਬੀਐਸ ਪੜ੍ਹਨ ਲਈ ਗਿਆ ਸੀ ਤੇ 7 ਮਹੀਨੇ ਪਹਿਲਾਂ ਭਾਰਤ ਆਇਆ ਸੀ ਅਤੇ ਹੁਣ ਵਾਪਸ ਯੂਕਰੇਨ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੜ੍ਹਾਈ ਨਾ ਹੋਣ ਕਾਰਨ ਅਸੀਂ ਬੱਚਿਆਂ ਨੂੰ ਉੱਥੇ ਭੇਜਿਆ ਸੀ ਪਰ ਹੁਣ ਬੱਚੇ ਉੱਥੇ ਹੀ ਫਸੇ ਹੋਏ ਹਨ।
ਉਨ੍ਹਾਂ ਕਿਹਾ ਕਿ ਅਸੀਂ ਇੱਥੇ ਚਿੰਤਤ ਹਾਂ ਤੇ ਬੱਚੇ ਉੱਥੇ ਹੀ ਪ੍ਰੇਸ਼ਾਨ ਹਨ ਕਿਉਂਕਿ ਉਹ ਬੰਦ ਕਮਰਿਆਂ ਵਿੱਚ ਭੁੱਖੇ-ਪਿਆਸੇ ਬੈਠੇ ਹਨ। ਉਨ੍ਹਾਂ ਕਿਹਾ ਕਿ ਉਥੇ ਸਥਿਤੀ ਬਹੁਤ ਖਰਾਬ ਹੈ ਤੇ ਕਦੇ ਵੀ ਹਮਲਾ ਹੋ ਸਕਦਾ ਹੈ।