ਚੰਡੀਗੜ੍ਹ: ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ..! ਇਹ ਅਖਾਣ ਸਿਆਸੀ ਗ਼ਲਬੇ ਦਾ ਸ਼ਿਕਾਰ ਬਣੇ ਪੰਜਾਬੀਆਂ 'ਤੇ ਬਹੁਤ ਢੁੱਕਦਾ ਹੈ, ਜੋ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਚੋਣ ਪ੍ਰਕਿਰਿਆ ਪੂਰੀ ਕਰਦੇ ਹਨ ਤੇ ਉਮੀਦਵਾਰ ਅਗਲੀ ਚੋਣ ਆਉਂਦੇ ਹੀ ਆਪਣੀ ਨਾਮਜ਼ਦਗੀ ਭਰ ਦਿੰਦੇ ਹਨ। ਜੇ ਜਿੱਤ ਜਾਣ ਤਾਂ ਫਿਰ ਜ਼ਿਮਨੀ ਚੋਣ ਹੋਵੇਗੀ ਤੇ ਚੋਣਾਂ 'ਤੇ ਪੈਸਾ ਫਿਰ ਲੋਕਾਂ ਦੀ ਜੇਬ 'ਚੋਂ ਜਾਵੇਗਾ। ਸਾਲ 2019 ਦੀਆਂ ਚੋਣਾਂ 'ਚ ਅਕਾਲੀ-ਬੀਜੇਪੀ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਅੱਠ ਵਿਧਾਇਕ ਲੋਕ ਸਭਾ ਜਾਣ ਲਈ ਚੋਣ ਮੈਦਾਨ ਵਿੱਚ ਹਨ ਤੇ ਪੰਜਾਬੀ ਲੋਕ ਸਭਾ ਚੋਣ ਤੋਂ ਬਾਅਦ ਜ਼ਿਮਨੀ ਚੋਣਾਂ ਲਈ ਵੀ ਤਿਆਰ ਰਹਿਣ।


ਹੇਠ ਦਿੱਤੇ ਮੌਜੂਦਾ ਵਿਧਾਇਕ ਲੋਕ ਸਭਾ ਦੇ ਚੋਣ ਮੈਦਾਨ ਵਿੱਚ ਹਨ-

  1. ਸੁਖਬੀਰ ਸਿੰਘ ਬਾਦਲ - ਵਿਧਾਇਕ ਜਲਾਲਾਬਾਦ - ਸ਼੍ਰੋਮਣੀ ਅਕਾਲੀ ਦਲ ਤੋਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ

  2. ਪਰਮਿੰਦਰ ਸਿੰਘ ਢੀਂਡਸਾ - ਵਿਧਾਇਕ ਲਹਿਰਾਗਾਗਾ - ਸ਼੍ਰੋਮਣੀ ਅਕਾਲੀ ਦਲ ਤੋਂ ਸੰਗਰੂਰ ਲੋਕ ਸਭਾ ਹਲਕੇ ਦੇ ਉਮੀਦਵਾਰ

  3. ਡਾ. ਰਾਜ ਕੁਮਾਰ ਚੱਬੇਵਾਲ - ਵਿਧਾਇਕ ਚੱਬੇਵਾਲ - ਕਾਂਗਰਸ ਤੋਂ ਹੋਸ਼ਿਆਰਪੁਰ ਲੋਕ ਸਭਾ ਸੀਟ ਲਈ ਉਮੀਦਵਾਰ

  4. ਸੋਮ ਪ੍ਰਕਾਸ਼ - ਵਿਧਾਇਕ ਫਗਵਾੜਾ - ਭਾਜਪਾ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ

  5. ਬਲਜਿੰਦਰ ਕੌਰ - ਵਿਧਾਇਕਾ ਤਲਵੰਡੀ ਸਾਬੋ - ਬਠਿੰਡਾ ਲੋਕ ਸਭਾ ਹਲਕੇ ਤੋਂ 'ਆਪ' ਦੀ ਉਮੀਦਵਾਰ

  6. ਸੁਖਪਾਲ ਸਿੰਘ ਖਹਿਰਾ - ਵਿਧਾਇਕ ਭੁਲੱਥ - ਬਠਿੰਡਾ ਤੋਂ ਪੀਡੀਏ ਦੇ ਉਮੀਦਵਾਰ

  7. ਅਮਰਿੰਦਰ ਸਿੰਘ ਰਾਜਾ ਵੜਿੰਗ - ਵਿਧਾਇਕ ਗਿੱਦੜਬਾਹਾ - ਬਠਿੰਡਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ

  8. ਮਾਸਟਰ ਬਲਦੇਵ ਸਿੰਘ - ਵਿਧਾਇਕ ਜੈਤੋ - ਪੀਡੀਏ ਵੱਲੋਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ

  9. ਸਿਮਰਜੀਤ ਸਿੰਘ ਬੈਂਸ - ਵਿਧਾਇਕ ਆਤਮ ਨਗਰ - ਲੁਧਿਆਣਾ ਤੋਂ ਪੀਡੀਏ ਦੇ ਲੋਕ ਸਭਾ ਉਮੀਦਵਾਰ


ਜੇਕਰ ਉਕਤ ਵਿਧਾਇਕ ਲੋਕ ਸਭਾ ਚੋਣਾਂ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ 'ਤੇ ਜ਼ਿਮਨੀ ਚੋਣ ਹੋਣੀ ਲਾਜ਼ਮੀ ਹੈ। ਹਾਲਾਂਕਿ, ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣੇ ਹਨ ਤਾਂ ਉਦੋਂ ਤਸਵੀਰ ਵਧੇਰੇ ਸਾਫ ਹੋਵੇਗੀ, ਪਰ ਹਾਲੇ ਵੀ ਕੁਝ ਹਲਕੇ ਅਜਿਹੇ ਹਨ ਜਿੱਥੇ ਜ਼ਿਮਨੀ ਚੋਣ ਹਰ ਹਾਲਤ ਵਿੱਚ ਹੋ ਕੇ ਰਹੇਗੀ।

ਸੁਖਪਾਲ ਖਹਿਰਾ ਵੱਲੋਂ ਨਵੀਂ ਪਾਰਟੀ ਬਣਾਉਣ ਕਾਰਨ ਉਨ੍ਹਾਂ ਅੱਜ ਹੀ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੇਕਰ ਉਹ ਆਮ ਚੋਣਾਂ ਨਹੀਂ ਜਿੱਤਦੇ ਤਾਂ ਵੀ ਛੇ ਮਹੀਨੇ ਦੇ ਅੰਦਰ-ਅੰਦਰ ਭੁਲੱਥ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਹੋਵੇਗੀ। ਕੁਝ ਇਹੋ ਹਾਲ ਹੁਸ਼ਿਆਰਪੁਰ ਲੋਕ ਸਭਾ ਸੀਟ ਦਾ ਹੈ। ਇੱਥੇ ਸਿੱਧਾ ਮੁਕਾਬਲਾ ਡਾ. ਰਾਜ ਕੁਮਾਰ ਚੱਬੇਵਾਲ ਤੇ ਸੋਮ ਪ੍ਰਕਾਸ਼ ਵਿਚਕਾਰ ਹੈ। ਦੋਵੇਂ ਮੌਜੂਦਾ ਵਿਧਾਇਕ ਹਨ, ਜੋ ਜਿੱਤੇਗਾ ਆਪਣੇ ਹਲਕੇ 'ਚ ਜ਼ਿਮਨੀ ਚੋਣ ਕਰਵਾਉਣ ਦਾ ਜ਼ਿੰਮੇਵਾਰ ਹੋਵੇਗਾ।

ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਪਰ ਅਸਤੀਫ਼ਾ ਮਨਜ਼ੂਰ ਨਹੀਂ ਹੋਇਆ। ਉੱਧਰ, ਜੈਤੋ ਤੋਂ ਵੀ 'ਆਪ' ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਪਿਛਲੇ ਸਮੇਂ ਦੌਰਾਨ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਅੱਜ 'ਆਪ' ਦੇ ਹੀ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੀ ਆਪਣੀ ਵਿਧਾਇਕੀ ਛੱਡ ਕੇ ਕਾਂਗਰਸ ਦੇ ਹੋ ਗਏ ਹਨ। ਦੋਵਾਂ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਹੋ ਸਕਦੀ ਹੈ।

ਜਿਨ੍ਹਾਂ ਲੀਡਰਾਂ ਨੇ ਸੂਬਾਈ ਸਿਆਸਤ ਹੀ ਕਰਨੀ ਹੈ, ਖ਼ਾਸ ਤੌਰ 'ਤੇ ਜਿਵੇਂ ਸੁਖਬੀਰ ਤੇ ਸੁਖਪਾਲ ਖਹਿਰਾ, ਲੋਕ ਸਭਾ ਪਹੁੰਚ ਵੀ ਜਾਂਦੇ ਹਨ ਤਾਂ ਅਗਲੀ ਵਿਧਾਨ ਸਭਾ ਚੋਣ ਜ਼ਰੂਰ ਲੜਨਗੇ। ਇਸ ਵਾਸਤੇ ਕਿੰਨੀ ਸਰਕਾਰੀ ਮਸ਼ੀਨਰੀ ਤੇ ਜਨਤਾ ਦੇ ਪੈਸੇ ਖਰਾਬ ਹੋਣਗੇ ਇਸ ਬਾਰੇ ਕੋਈ ਨਹੀਂ ਸੋਚ ਰਿਹਾ। ਲੋਕ ਸਭਾ ਦਾ ਨਤੀਜਾ ਕੁਝ ਵੀ ਹੋਵੇ ਪਰ ਇਸ ਦਾ ਬੋਝ ਦੇਸ਼ ਦੀ ਆਮ ਜਨਤਾ 'ਤੇ ਹੀ ਪਵੇਗਾ।