ਅੰਮ੍ਰਿਤਸਰ: ਆਗਾਮੀ ਲੋਕ ਸਭਾ ਚੋਣਾਂ ਬਾਰੇ ਕਾਂਗਰਸ ਪਾਰਟੀ ਨੇ ਟਿਕਟ ਲਈ ਪਾਰਟੀ ਦੇ ਦਾਅਵੇਦਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਕਈ ਦਾਅਵੇਦਾਰ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਪਾਰਟੀ ਸਕੱਤਰ ਕੋਲ ਅਰਜ਼ੀਆਂ ਜਮ੍ਹਾਂ ਕਰਵਾਈਆਂ।


ਦਾਅਵੇਦਾਰਾਂ ਦੀ ਲਿਸਟ ਵਿੱਚ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਤੇ ਸਾਬਕਾ ਜ਼ਿਲ੍ਹਾ ਕਾਂਗਰਸ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਸਰਕੇ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਤੋਂ ਇਲਾਵਾ ਜ਼ੀਰਾ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਪਿਤਾ ਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਵੱਲੋਂ ਵੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਸੂਚੀ ਅਗਲੇ ਦਿਨਾਂ ’ਚ ਹੋਰ ਵਧ ਸਕਦੀ ਹੈ।

ਹਲਕਾ ਖਡੂਰ ਸਾਹਿਬ ਪਹਿਲਾਂ ਤਰਨ ਤਾਰਨ ਲੋਕ ਸਭਾ ਵਜੋਂ ਜਾਣਿਆ ਜਾਂਦਾ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਖਡੂਰ ਸਾਹਿਬ ਉੱਪਰ ਕਾਂਗਰਸ ਪਾਰਟੀ ਦਾ ਕੋਈ ਵੀ ਉਮੀਦਵਾਰ ਕਾਮਯਾਬ ਨਹੀਂ ਹੋਇਆ। ਇਹ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਰਹੀ ਹੈ। ਪਿਛਲੀ ਵਾਰ ਇਸ ਸੀਟ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਾਂਗਰਸ ਪਾਰਟੀ ਦੇ ਲੀਡਰ ਹਰਮਿੰਦਰ ਸਿੰਘ ਗਿੱਲ ਨੂੰ ਇੱਕ ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਯਾਦ ਰਹੇ ਕਿ ਇਸ ਵਾਰ ਬ੍ਰਹਮਪੁਰਾ ਹੁਣ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਟਕਸਾਲੀ ਅਕਾਲੀ ਦਲ ਦਾ ਗਠਨ ਕਰ ਚੁੱਕੇ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਡੇਢ ਲੱਖ ਵੋਟਾਂ ਲੈਣ ਵਿੱਚ ਇਸ ਹਲਕੇ ਤੋਂ ਕਾਮਯਾਬ ਰਹੇ ਸਨ ਪਰ ਹੁਣ ਇਸ ਹਲਕੇ ਤੋਂ ਟਿਕਟ ਲੈਣ ਲਈ ਹੁਣ ਤੋਂ ਹੀ ਕਾਂਗਰਸ ਦੇ ਲੀਡਰਾਂ ਨੇ ਆਪਣੀ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ।