ਕਣਕ ਦੀ ਖਰੀਦ 'ਚ ਆ ਰਹੀਆਂ ਕਈ ਮੁਸ਼ਕਲਾਂ, ਕਿਸਾਨ ਤੇ ਆੜ੍ਹਤੀਏ ਪਰੇਸ਼ਾਨ
ਪੰਜਾਬ 'ਚ ਮਾਝੇ ਦੀਆਂ ਦਾਣਾ ਮੰਡੀਆਂ 'ਚ ਕਣਕ ਦੀ ਫ਼ਸਲ ਦੀ ਆਮਦ ਪੂਰੇ ਜ਼ੋਰਾਂ ਤੇ ਸ਼ੁਰੂ ਹੋ ਚੁਕੀ ਹੈ, ਪਰ ਇਸ ਵਾਰ ਸਰਕਾਰ ਦੇ ਖਰੀਦ ਨਿਯਮਾਂ 'ਚ ਬਦਲਾਅ ਦੇ ਚਲਦੇ ਆੜ੍ਹਤੀਆਂ ਨੂੰ ਜਿੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਿਸਾਨ ਜੋ ਮੰਡੀ 'ਚ ਫ਼ਸਲ ਲੈਕੇ ਪਹੁੰਚ ਰਹੇ ਹਨ ਖਰਾਬ ਮੌਸਮ ਤੋਂ ਘਬਰਾਏ ਹੋਏ ਹਨ।
ਗੁਰਦਾਸਪੁਰ: ਪੰਜਾਬ 'ਚ ਮਾਝੇ ਦੀਆਂ ਦਾਣਾ ਮੰਡੀਆਂ 'ਚ ਕਣਕ ਦੀ ਫ਼ਸਲ ਦੀ ਆਮਦ ਪੂਰੇ ਜ਼ੋਰਾਂ ਤੇ ਸ਼ੁਰੂ ਹੋ ਚੁਕੀ ਹੈ, ਪਰ ਇਸ ਵਾਰ ਸਰਕਾਰ ਦੇ ਖਰੀਦ ਨਿਯਮਾਂ 'ਚ ਬਦਲਾਅ ਦੇ ਚਲਦੇ ਆੜ੍ਹਤੀਆਂ ਨੂੰ ਜਿੱਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਿਸਾਨ ਜੋ ਮੰਡੀ 'ਚ ਫ਼ਸਲ ਲੈਕੇ ਪਹੁੰਚ ਰਹੇ ਹਨ ਖਰਾਬ ਮੌਸਮ ਤੋਂ ਘਬਰਾਏ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਖਰੀਦ ਪ੍ਰਬੰਧਾਂ 'ਚ ਕਈ ਮੁਸ਼ਕਿਲਾਂ ਹਨ ਅਤੇ ਮੰਡੀ 'ਚ ਲੇਬਰ ਦੀ ਘਾਟ ਵੀ ਵੱਡੀ ਮੁਸੀਬਤ ਦਾ ਸਬੱਬ ਬਣੀ ਹੋਈ ਹੈ।ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਬਟਾਲਾ ਦਾਣਾ ਮੰਡੀ 'ਚ ਕਣਕ ਦੀ ਫ਼ਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਚੁਕੇ ਹਨ।ਇਥੇ ਆਪਣੀ ਫ਼ਸਲ ਲੈਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਬਾਰਸ਼ ਦਾ ਮੌਸਮ ਵੀ ਉਹਨਾਂ ਲਈ ਮੁਸਾਬਿਤ ਬਣਿਆ ਹੋਇਆ ਹੈ ਕਿਉਂਕਿ ਜਿਥੇ ਉਹ ਮੰਡੀ 'ਚ ਫ਼ਸਲ ਲੈਕੇ ਆਏ ਹਨ ਉਸ ਦੀ ਖਰੀਦ ਵੀ ਸਮੇਂ ਸਿਰ ਨਹੀਂ ਹੋ ਰਹੀ ਅਤੇ ਜੋ ਖੜੀ ਫ਼ਸਲ ਹੈ ਉਸ ਦੇ ਨੁਕਸਾਨ ਦਾ ਵੀ ਡਰ ਹੈ।
ਉਥੇ ਹੀ ਕਿਸਾਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਜੋ ਸਰਕਾਰ ਵਾਅਦੇ ਅਤੇ ਦਾਅਵੇ ਕਰਦੀ ਹੈ ਉਸ ਨੂੰ ਜ਼ਮੀਨੀ ਹਕੀਕਤ 'ਚ ਪੂਰਾ ਵੀ ਕਰੇ | ਉਧਰ ਦਾਣਾ ਮੰਡੀ ਬਟਾਲਾ ਦੇ ਆੜ੍ਹਤੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੰਡੀ ਬੋਰਡ ਵੱਲੋਂ ਇੰਤਜ਼ਾਮ ਕੀਤੇ ਗਏ ਹਨ। ਉਹਨਾਂ ਦੀ ਦਾਣਾ ਮੰਡੀ 'ਚ ਪਿੱਛਲੇ ਦੋ ਦਿਨਾਂ ਤੋਂ ਫ਼ਸਲ ਦੀ ਆਮਦ ਦੇ ਚੱਲਦੇ ਖਰੀਦ ਹੋ ਰਹੀ ਹੈ, ਪਰ ਜੋ ਸਰਕਾਰ ਦੀ ਸਿੱਧੀ ਅਦਾਏਗੀ ਦੇ ਨਿਯਮਾਂ ਤਹਿਤ ਸ਼ੁਰੂ ਕੀਤਾ ਅਨਾਜ ਖਰੀਦ ਪੋਰਟਲ ਇਕ ਗੁੰਝਲਦਾਰ ਸਥਿਤੀ ਪੈਦਾ ਕਰ ਰਿਹਾ ਹੈ।ਜਿਸ ਨਾਲ ਖਰੀਦ 'ਚ ਦੇਰੀ ਹੋ ਰਹੀ ਹੈ।
ਉਥੇ ਹੀ ਇਹਨਾਂ ਆੜ੍ਹਤੀਆ ਨੇ ਅਪੀਲ ਕੀਤੀ ਕਿ ਇਸ ਪੋਰਟਲ ਦੀ ਪ੍ਰਕ੍ਰਿਆ ਨੂੰ ਕੁਝ ਸੁਖਾਲਾ ਬਣਾਉਣ ਦੀ ਲੋੜ ਹੈ।ਇਸ ਦੇ ਨਾਲ ਹੀ ਮੰਡੀ 'ਚ ਖਰੀਦ ਪ੍ਰਕ੍ਰਿਆ ਨੂੰ ਸਹੀ ਢੰਗ ਨਾਲ ਚਲਾਉਣ ਲਈ ਮੁੱਖ ਤੌਰ ਤੇ ਲੇਬਰ ਦੀ ਵੀ ਦਿੱਕਤ ਕਿਸਾਨਾਂ ਅਤੇ ਆੜ੍ਹਤੀਆਂ ਲਈ ਬਣੀ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪ੍ਰਵਾਸੀ ਮਜਦੂਰਾਂ ਦੀ ਕਮੀ ਦੇ ਚਲਦੇ ਮੰਡੀ 'ਚ ਖਰੀਦ ਪ੍ਰਕ੍ਰਿਆ 'ਚ ਵੱਡੀ ਢਿੱਲ ਹੈ।