ਹਾਈਕੋਰਟ ਵੱਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ
ਅਦਾਲਤ ਨੇ ਕਿਹਾ ਕਿ ਤਕਨਾਲੋਜੀ ਨੇ ਇਹ ਸੁਵਿਧਾ ਹੁਣ ਦੇ ਦਿੱਤੀ ਹੈ ਕਿ ਸਬੰਧਤ ਦਸਤਾਵੇਜ਼ਾਂ ਨੂੰ ਡਿਜੀਟਲ ਤਰੀਕੇ ਤਸਦੀਕ (ਅਟੈਸਟ) ਤੇ ਪ੍ਰਮਾਣਿਤ ਕੀਤਾ ਜਾ ਸਕੇ। ਇਸ ਦੌਰਾਨ ਇੰਟਰਨੈੱਟ ਰਾਹੀਂ ਸਾਰੀ ਟ੍ਰਾਂਸਮਿਸ਼ਨ ਵੀ ਸੁਰੱਖਿਅਤ ਰਹਿੰਦੀ ਹੈ। ਸੂਚਨਾ ਤੇ ਤਕਨਾਲੋਜੀ ਕਾਨੂੰਨ ਇਸੇ ਲਈ ਪਾਸ ਕੀਤਾ ਗਿਆ ਸੀ। ਇੰਝ ਹੀ ਦੂਰ ਬੈਠੇ ਜੋੜਿਆਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਵੀ ਹੋ ਸਕਦੀ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਣ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਸਿੰਲ ਬੈਂਚ ਦਾ ਉਹ ਫ਼ੈਸਲਾ ਪਲਟ ਦਿੱਤਾ, ਜਿਸ ਰਾਹੀਂ ਵਿਆਹ ਦੀ ਈ-ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸਿੰਗਲ ਬੈਂਚ ਨੇ ਤਦ ਦਲੀਲ ਦਿੱਤੀ ਸੀ ਕਿ ਵਿਆਹ ਵਾਲੇ ਲਾੜਾ ਤੇ ਲਾੜੀ ਨਾਲ ਸਬੰਧਤ ਦੋਵੇਂ ਧਿਰਾਂ ਨੂੰ ਮੈਰਿਜ ਆਫ਼ੀਸਰ ਸਾਹਮਣੇ ਮੌਜੂਦ ਹੋ ਕੇ ‘ਵਿਆਹ ਸਰਟੀਫ਼ਿਕੇਟ ਵਾਲੀ ਪੁਸਤਿਕਾ’ ਉੱਤੇ ਹਸਤਾਖਰ ਕਰਨ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ।
ਜਸਟਿਸ ਰਿਤੂ ਬਾਹਰੀ ਤੇ ਜਸਟਿਸ ਅਰਚਨਾ ਪੁਰੀ ਦੇ ਬੈਂਚ ਨੇ ਕਈ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਫ਼ੈਸਲਾ ਸੁਣਾਇਆ ਕਿ ਇਹ ਸੰਭਵ ਹੈ ਕਿ ਭਾਰਤ ਵਿੱਚ ਕੋਈ ਵੀ ਵਿਅਕਤੀ ਹਜ਼ਾਰਾਂ ਕਿਲੋਮੀਟਰ ਦੂਰ ਰਹਿੰਦਾ ਹੋਇਆ ਵੀ ਕਿਸੇ ਹੋਰ ਧਿਰ ਨਾਲ ਤੁਰੰਤ ਗੱਲਬਾਤ ਕਰ ਸਕਦਾ ਹੈ।
ਅਦਾਲਤ ਨੇ ਕਿਹਾ ਕਿ ਤਕਨਾਲੋਜੀ ਨੇ ਇਹ ਸੁਵਿਧਾ ਹੁਣ ਦੇ ਦਿੱਤੀ ਹੈ ਕਿ ਸਬੰਧਤ ਦਸਤਾਵੇਜ਼ਾਂ ਨੂੰ ਡਿਜੀਟਲ ਤਰੀਕੇ ਤਸਦੀਕ (ਅਟੈਸਟ) ਤੇ ਪ੍ਰਮਾਣਿਤ ਕੀਤਾ ਜਾ ਸਕੇ। ਇਸ ਦੌਰਾਨ ਇੰਟਰਨੈੱਟ ਰਾਹੀਂ ਸਾਰੀ ਟ੍ਰਾਂਸਮਿਸ਼ਨ ਵੀ ਸੁਰੱਖਿਅਤ ਰਹਿੰਦੀ ਹੈ। ਸੂਚਨਾ ਤੇ ਤਕਨਾਲੋਜੀ ਕਾਨੂੰਨ ਇਸੇ ਲਈ ਪਾਸ ਕੀਤਾ ਗਿਆ ਸੀ। ਇੰਝ ਹੀ ਦੂਰ ਬੈਠੇ ਜੋੜਿਆਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਵੀ ਹੋ ਸਕਦੀ ਹੈ।
ਦਰਅਸਲ ਐਮੀ ਰੰਜਨ ਤੇ ਉਨ੍ਹਾਂ ਦੀ ਪਤਨੀ ਮੀਸ਼ਾ ਵਰਮਾ ਨੇ ਹਾਈ ਕੋਰਟ ’ਚ ਆਪਣੀ ਅਰਜ਼ੀ ਇਸ ਸਬੰਧੀ ਦਾਖ਼ਲ ਕੀਤੀ ਸੀ। ਇਸ ਜੋੜੀ ਦੇ ਵਕੀਲਾਂ ਨਵਨੀਤੀ ਪ੍ਰਸਾਦ ਸਿੰਘ ਅਤੇ ਨਿਤਿਨ ਕਾਂਤ ਸੇਤੀਆ ਨੇ ਹਾਈ ਕੋਰਟ ਦੇ ਬੈਂਚ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਮੁਵੱਕਿਲ ਐਮੀ ਰੰਜਨ ਦੀ ਪਤਨੀ ਮੀਸ਼ਾ ਵਰਮਾ ਮੈਡੀਕਲ ਕਿੱਤੇ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੀ ਅਮਰੀਕਾ ਵਿੱਚ ਕੋਵਿਡ ਕਾਰਣ ਖ਼ਾਸ ਡਿਊਟੀ ਲੱਗੀ ਹੋਈ ਹੈ।
‘ਦ ਟ੍ਰਿਬਿਊਨ’ ਵੱਲੋਂ ਪ੍ਰਕਾਸ਼ਿਤ ਸੌਰਭ ਮਲਿਕ ਦੀ ਰਿਪੋਰਟ ਅਨੁਸਾਰ ਅਜਿਹੇ ਹਾਲਾਤ ਵਿੱਚ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਤੇ ਮੈਰਿਜ ਆਫ਼ੀਸਰ ਨੇ ਕਿਹਾ ਸੀ ਕਿ ਵਿਸ਼ੇਸ਼ ਵਿਆਹ ਕਾਨੁੰਨ, 1954 ਅਧੀਨ ਆਨਲਾਈਨ ਵਿਆਹ ਦੀ ਰਜਿਸਟ੍ਰੇਸ਼ਨ ਦੀ ਕੋਈ ਵਿਵਸਥਾ ਨਹੀਂ ਹੈ।
ਇੰਝ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਾਜ਼ਾ ਫ਼ੈਸਲੇ ਅਨੁਸਾਰ ਇਸ ਜੋੜੀ ਨੂੰ ਵਿਆਹ ਦੀ ਇਜਾਜ਼ਤ ਮਿਲ ਗਈ ਹੈ। ਮੀਸ਼ਾ ਵਰਮਾ ਅਮਰੀਕਾ ’ਚ ਰਹਿ ਕੇ ਭਾਰਤ ’ਚ ਐਮੀ ਰੰਜਨ ਨਾਲ ਆਪਣਾ ਵਿਆਹ ਰਜਿਸਟਰਡ ਕਰਵਾ ਸਕਣਗੇ।