ਵਿਆਹੁਤਾ ਦੀ ਸ਼ੱਕੀ ਹਾਲਾਤਾਂ ’ਚ ਮੌਤ, BSF ਜਵਾਨ ’ਤੇ ਗੰਭੀਰ ਦੋਸ਼
ਹਾਜੀਪੁਰ ਥਾਣਾ ਖੇਤਰ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ BSF ਜਵਾਨ ਪਤੀ, ਚਾਚੇ ਅਤੇ ਚਾਚੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

ਹਾਜੀਪੁਰ ਥਾਣਾ ਖੇਤਰ ਵਿੱਚ ਇੱਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ BSF ਜਵਾਨ ਪਤੀ, ਚਾਚੇ ਅਤੇ ਚਾਚੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਰਮਾ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਰਮਾ ਦਾ ਵਿਆਹ ਕਰੀਬ 12 ਸਾਲ ਪਹਿਲਾਂ ਸ਼ੇਖਾਮੱਤਾ/ਸੁਨੇਹੜਾ ਵਾਸੀ ਅਮਰਜੀਤ ਸਿੰਘ ਨਾਲ ਹੋਇਆ ਸੀ। ਅਮਰਜੀਤ ਸਿੰਘ BSF ਵਿੱਚ ਤਾਇਨਾਤ ਹੈ। ਦੋਵਾਂ ਦੇ ਦੋ ਬੱਚੇ ਹਨ।
ਰਮਾ ਦੇ ਪਿਤਾ ਰਾਮ ਚੰਦ, ਵਾਸੀ ਪਿੰਡ ਖੁੰਡਾ, ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਹੀ ਉਸ ਦੀ ਧੀ ਨੂੰ ਪੇਕੇ ਪਰਿਵਾਰ ਤੋਂ ਜ਼ਮੀਨ ਦਾ ਹਿੱਸਾ ਲਿਆਉਣ ਲਈ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਮੁਤਾਬਕ ਕੁਝ ਮਹੀਨੇ ਪਹਿਲਾਂ ਵੀ ਰਮਾ ਨਾਲ ਕਥਿਤ ਤੌਰ ’ਤੇ ਕੁੱਟਮਾਰ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰਕ ਪੱਧਰ ’ਤੇ ਸਮਝੌਤਾ ਕਰਵਾ ਦਿੱਤਾ ਗਿਆ ਸੀ।
14 ਅਗਸਤ ਦੀ ਸਵੇਰ ਕਰੀਬ 4 ਵਜੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਰਮਾ ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਉਸ ਨੂੰ ਹਾਜੀਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਜਦੋਂ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਰਮਾ ਦੀ ਮੌਤ ਹੋ ਚੁੱਕੀ ਸੀ।
ਪਰਿਵਾਰ ਨੇ ਰਮਾ ਦੇ ਸਰੀਰ ਅਤੇ ਸਿਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹੋਣ ਦਾ ਦਾਅਵਾ ਕਰਦਿਆਂ ਮੌਤ ’ਤੇ ਸਵਾਲ ਖੜ੍ਹੇ ਕੀਤੇ। ਪਿਤਾ ਨੇ ਪਤੀ ਅਮਰਜੀਤ ਸਿੰਘ ’ਤੇ ਉਸ ਦੇ ਚਾਚਾ ਕੁੱਕੀ ਅਤੇ ਚਾਚੀ ਸੋਨੀਆ ਦੀ ਕਥਿਤ ਸ਼ਹਿ ’ਤੇ ਧੀ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਹਨ।
ਹਾਜੀਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਟ੍ਰੈਂਡਿੰਗ ਟੌਪਿਕ






















