ਚੰਡੀਗੜ੍ਹ: ਕੌਮ 'ਤੇ ਪਈਆਂ ਭੀੜਾਂ ਵੇਲੇ ਬੜੇ ਹੀ ਸੰਜਮ ਨਾਲ ਨਿਰਣੇ ਲੈਣ ਵਾਲੇ ਤੇ ਪੰਥਕ ਹਿੱਤਾਂ ਲਈ ਹਿੱਕ ਡਾਹ ਕੇ ਖੜ੍ਹਨ ਵਾਲੇ ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ ਸੀ। ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ਸਥਿਤ ਪਿੰਡ ਹਰਿਆਲ 'ਚ 24 ਜੂਨ, 1885 ਨੂੰ ਪਿਤਾ ਗੋਪੀ ਚੰਦ ਮਲਹੋਤਰਾ ਦੇ ਗ੍ਰਹਿ ਵਿਖੇ ਜਨਮਿਆ ਨਾਨਕ ਚੰਦ ਕਿਸੇ ਦਿਨ ਸਿੱਖ ਇਤਿਹਾਸ ਵਿੱਚ ਧਰੂ ਤਾਰੇ ਵਾਂਗ ਚਮਕੇਗਾ ਇਹ ਕਿਸੇ ਨੇ ਨਹੀਂ ਸੋਚਿਆ ਸੀ।
ਨਾਨਕ ਚੰਦ ਵੱਡੇ ਹੁੰਦੇ ਗਏ ਤੇ ਸਿੱਖ ਧਰਮ ਵਿੱਚ ਸ਼ਰਧਾ ਤੇ ਵਿਸ਼ਵਾਸ ਬਣਦਾ ਗਿਆ। ਸਿੱਖੀ ਵਿੱਚ ਇੰਨੇ ਪ੍ਰਪੱਕ ਹੋ ਗਏ ਕਿ ਇੱਕ ਦਿਨ ਫੈਸਲਾ ਕਰਕੇ ਆਪ ਜੀ ਨੇ ਸੰਤ ਅਤਰ ਸਿੰਘ ਜੀ ਕੋਲੋਂ ਖੰਡੇ-ਬਾਟੇ ਦਾ ਅੰਮ੍ਰਿਤ ਧਾਰਨ ਕਰ ਲਿਆ। ਇਸ ਤੋਂ ਬਾਅਦ ਨਾਨਕ ਚੰਦ ਦਾ ਨਾਂ ਤਾਰਾ ਸਿੰਘ ਹੋ ਗਿਆ ਤੇ ਫਿਰ ਉੱਚ ਵਿੱਦਿਆ ਹਾਸਲ ਕਰਕੇ ਤਾਰਾ ਸਿੰਘ ਅਧਿਆਪਕ ਬਣ ਗਏ। ਆਪ ਜੀ ਦੇ ਨਾਂ ਨਾਲ ਮਾਸਟਰ ਤਾਰਾ ਸਿੰਘ ਜੁੜ ਗਿਆ।
ਸਰਬਤ ਦਾ ਭਲਾ ਮੰਗਣ ਵਾਲੇ ਮਾਸਟਰ ਤਾਰਾ ਸਿੰਘ ਨੇ ਪੰਥ ਲਈ ਲੜਦਿਆਂ ਬਹੁਤ ਵਾਰ ਜੇਲ੍ਹਾਂ ਕੱਟੀਆਂ। ਜਦੋਂ ਵੀ ਦੇਸ਼ ਵਿੱਚ ਕੋਈ ਲੋਕ ਭਲਾਈ ਦੀ ਲਹਿਰ ਆਰੰਭ ਹੁੰਦੀ ਤਾਂ ਮਾਸਟਰ ਜੀ ਹਮੇਸ਼ਾਂ ਹੀ ਮੂਹਰਲੀਆਂ ਸਫਾਂ ਵਿੱਚ ਹੁੰਦੇ। ਇੱਥੋਂ ਤੱਕ ਕਿ ਮਹਾਤਮਾ ਗਾਂਧੀ ਵੱਲੋਂ ਸਮੇਂ-ਸਮੇਂ ਸ਼ੁਰੂ ਕੀਤੀਆਂ ਕਈ ਲਹਿਰਾਂ ਨੂੰ ਵੀ ਉਨ੍ਹਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਂਦਾ ਰਿਹਾ ਹੈ।
ਮਾਸਟਰ ਤਾਰਾ ਸਿੰਘ ਨਿਧੜਕ ਹੋਣ ਦੇ ਨਾਲ-ਨਾਲ ਨਿਡਰ ਵੀ ਸਨ। ਔਖੇ ਵਕਤਾਂ ਵਿੱਚ ਉਹ ਕਦੇ ਵੀ ਡੋਲਦੇ ਨਹੀਂ ਸਨ ਤੇ ਤਤਕਾਲ ਨਿਰਣਾ ਲੈ ਲਿਆ ਕਰਦੇ ਸਨ। ਕੋਈ ਵੀ ਪੰਥਕ ਪ੍ਰੋਗਰਾਮ ਅਜਿਹਾ ਨਹੀਂ ਕਿਹਾ ਜਾ ਸਕਦਾ ਜਿਸ ਵਿਚ ਮਾਸਟਰ ਤਾਰਾ ਸਿੰਘ ਦੀ ਅਹਿਮ ਭੂਮਿਕਾ ਨਾ ਰਹੀ ਹੋਵੇ।

ਮਾਸਟਰ ਜੀ ਦਾ ਪਰਿਵਾਰ ਅੱਜ ਵੀ ਸਿੱਖੀ ਸਿਧਾਂਤਾਂ 'ਤੇ ਡਟ ਕੇ ਪਹਿਰਾ ਦੇ ਰਿਹਾ ਹੈ। ਆਪ ਜੀ ਦੀ ਮਹਾਨ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਦਾ ਪੂਰਾ ਪਰਿਵਾਰ ਗੁਰਸਿੱਖ ਬਣ ਗਿਆ ਸੀ। ਅੱਜ ਵੀ ਆਪ ਜੀ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਵਜੋਂ ਪੰਥਕ ਹਿੱਤਾਂ ਲਈ ਤਤਪਰ ਹੈ।