Chandigarh News: ਸਿੱਖ ਫੌਜੀਆਂ ਲਈ ਹੈਲਮੇਟ ਖਰੀਦਣ ਦਾ ਆਰਡਰ ਦੇ ਕੇ ਕਸੂਤੀ ਘਿਰੀ ਮੋਦੀ ਸਰਕਾਰ, ਵਿਦਵਾਨਾਂ ਵੱਲੋਂ ਧਾਰਮਿਕ-ਸਭਿਆਚਾਰਕ ਵਿਲੱਖਣਤਾ 'ਤੇ ਵੱਡਾ ਹਮਲਾ ਕਰਾਰ
Chandigarh News: ਭਾਰਤ ਸਰਕਾਰ ਸਿੱਖ ਫੌਜੀਆਂ ਲਈ ਹੈਲਮੇਟ ਖਰੀਦਣ ਦਾ ਆਰਡਰ ਦੇ ਕੇ ਕਸੂਤੀ ਘਿਰ ਗਈ ਹੈ। SGPC, ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਮਗਰੋਂ ਹੁਣ ਸਿੱਖ ਵਿਦਵਾਨ ਵੀ ਇਸ ਫੈਸਲੇ ਖਿਲਾਫ ਉੱਠ ਖਲੋਤੇ ਹਨ।
Chandigarh News: ਭਾਰਤ ਸਰਕਾਰ ਸਿੱਖ ਫੌਜੀਆਂ ਲਈ ਹੈਲਮੇਟ ਖਰੀਦਣ ਦਾ ਆਰਡਰ ਦੇ ਕੇ ਕਸੂਤੀ ਘਿਰ ਗਈ ਹੈ। ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਮਗਰੋਂ ਹੁਣ ਸਿੱਖ ਵਿਦਵਾਨ ਵੀ ਇਸ ਫੈਸਲੇ ਖਿਲਾਫ ਉੱਠ ਖਲੋਤੇ ਹਨ। ਬੇਸ਼ੱਕ ਸੋਸ਼ਲ ਮੀਡੀਆ ਉੱਪਰ ਲੋਕ ਕੇਂਦਰ ਸਰਕਾਰ ਦੇ ਇਸ ਫੈਸਲੇ ਉੱਪਰ ਵੰਡੇ ਹੋਏ ਹਨ ਪਰ ਸਿੱਖ ਵਿਦਵਾਨ ਇਸ ਨੂੰ ਧਾਰਮਿਕ-ਸਭਿਆਚਾਰਕ ਵਿਲੱਖਣਤਾ ਉੱਪਰ ਵੱਡਾ ਹਮਲਾ ਕਰਾਰ ਦੇ ਰਹੇ ਹਨ।
ਇਸ ਬਾਰੇ ਚੰਡੀਗੜ੍ਹ ਵਿਖੇ ਕੇਂਦਰੀ ਸਿੰਘ ਸਭਾ ਵੱਲੋਂ ਸੈਕਟਰ-28 ਵਿੱਚ ਕਰਵਾਈ ਗਈ ਵਿਚਾਰ-ਚਰਚਾ ਦੌਰਾਨ ਵਿਦਵਾਨਾਂ ਨੇ ਕੇਂਦਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ। ਵਿਦਵਾਨਾਂ ਨੇ ਕਿਹਾ ਕਿ ਸੁਰੱਖਿਆ ਦੇ ਨਾਮ ਉੱਤੇ ਭਾਰਤੀ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਸਿੱਖ ਫੌਜੀਆਂ ਨੂੰ ਸਪੈਸ਼ਲ ਲੋਹ-ਟੋਪ ਪਾਉਣ ਦੀ ਤਜਵੀਜ਼ ਸਿਰਫ ਸਿੱਖ ਪਛਾਣ ਉੱਤੇ ਵੱਡਾ ਹਮਲਾ ਹੀ ਨਹੀਂ ਬਲਕਿ ਉਨ੍ਹਾਂ ਦੀ ਧਾਰਮਿਕ-ਸਭਿਆਚਾਰਕ ਵਿਲੱਖਣਤਾ ਨੂੰ ਵੀ ਖਤਮ ਕਰਨਾ ਹੈ।
ਇਹ ਵੀ ਪੜ੍ਹੋ: PM Modi ਨੇ ਵਰਕਰਾਂ ਨੂੰ ਕਿਹਾ, ਪੜ੍ਹੇ-ਲਿਖੇ ਮੁਸਲਮਾਨਾਂ ਤੱਕ ਪਹੁੰਚੋ, ਭਾਈਚਾਰੇ ਵਿਰੁੱਧ ਬੇਲੋੜੀ ਟਿੱਪਣੀਆਂ ਤੋਂ ਬਚੋ'
ਕੇਂਦਰੀ ਸਿੰਘ ਸਭਾ ਦੇ ਆਗੂਆਂ ਨੇ ਕੇਂਦਰ ਸਰਕਾਰ ਦੀ ਤਜਵੀਜ਼ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ। ਜਸਪਾਲ ਸਿੰਘ ਸਿੱਧੂ ਤੇ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਸਿੱਖ ਫੌਜੀਆਂ ਨੇ ਤਾਂ ਪਹਿਲੇ ਸੰਸਾਰ ਯੁੱਧ ਸਮੇਂ ਹੀ ਅੰਗਰੇਜ਼ੀ ਸਰਕਾਰ ਵੱਲੋਂ ਪੇਸ਼ ਲੋਹ-ਟੋਪ ਨੂੰ ਰੱਦ ਕਰ ਦਿੱਤਾ ਸੀ। ਇੱਥੋਂ ਤੱਕ ਕਿ ਬ੍ਰਿਟਿਸ ਸਰਕਾਰ ਦੀ ਇਸ ਸ਼ਰਤ ਦੀ ਪ੍ਰਵਾਹ ਨਹੀਂ ਕੀਤੀ ਸੀ ਕਿ ਲੋਹ-ਟੋਪ ਬਗੈਰ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿੱਖ ਰੈਜ਼ੀਮੈਂਟਾਂ ਤੇ ਹੋਰ ਪਲਟਨਾਂ ਦੇ ਸਿੱਖ ਫੌਜੀਆਂ ਨੇ ਦੂਜੀ ਸੰਸਾਰ ਜੰਗ ਤੇ ਆਜ਼ਾਦੀ ਤੋਂ ਬਾਅਦ ਦੀਆਂ 4-5 ਜੰਗਾਂ ਵਿੱਚ ਲੋਹ-ਟੋਪ ਨਹੀਂ ਪਾਇਆ। ਸਿੱਖ ਫੌਜੀਆਂ ਦੀ ਬੀਰਤਾ ਉੱਤੇ ਕਦੇ ਕਿਸੇ ਨੇ ਉਂਗਲ ਨਹੀਂ ਉਠਾਈ। ਕੇਂਦਰੀ ਸਿੰਘ ਸਭਾ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਫੌਜੀਆਂ ਲਈ ਨਵੇ ਕਿਸਮ ਦੇ ਲੋਹ-ਟੋਪ ਦੀ ਤਜਵੀਜ਼ ਨੂੰ ਤੁਰੰਤ ਵਾਪਿਸ ਲਿਆ ਜਾਵੇ।
ਇਸ ਮੌਕੇ ਪ੍ਰੋ. ਸ਼ਾਮ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀਂ, ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੀਤਮ ਸਿੰਘ ਰੁਪਾਲ, ਸਰਬਜੀਤ ਸਿੰਘ ਧਾਲੀਵਾਲ ਤੇ ਡਾ. ਪਿਆਰੇ ਲਾਲ ਗਰਗ ਸਣੇ ਹੋਰ ਬੁੱਧੀਜੀਵੀ ਵੀ ਹਾਜ਼ਰ ਰਹੇ।