ਮੋਗਾ: ਸ਼ੁੱਕਰਵਾਰ ਸਵੇਰੇ ਸੜਕ ਹਾਦਸੇ ਵਿੱਚ 8 ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਹ ਸਾਰੇ ਮਲੇਰਕੋਟਲਾ ਵਿੱਚ ਪੀਰ ਬਾਬਾ ਨੂੰ ਮੱਥਾ ਟੇਕ ਕੇ ਮੁੜ ਰਹੇ ਸੀ। ਬੁਗੀਪੁਰਾ ਪਹੁੰਚਣ ਬਾਅਦ ਇੱਕ ਕੈਂਟਰ ਨੇ ਉਨ੍ਹਾਂ ਦੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਟੈਂਪੂ 2 ਪਲਟੀਆਂ ਖਾਣ ਪਿੱਛੋਂ ਤੀਜੀ ਵਾਰ ਫਿਰ ਪਲਟ ਗਿਆ। ਹਾਦਸੇ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ। ਜਾਣਕਾਰੀ ਮਿਲਦਿਆਂ ਹੀ ਹੈਲਪਲਾਈਨ ਐਂਬੂਲੈਂਸ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਰਹੀ ਹੈ।

ਹਾਸਲ ਜਾਣਕਾਰੀ ਮੁਾਤਬਕ ਮੋਗਾ ਦੇ ਰਹਿਣ ਵਾਲੇ 8 ਜਣੇ ਬਲਬੀਰ ਸਿੰਘ, ਰਮਨ ਕੁਮਾਰ, ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਪ੍ਰਦੀਪ ਕੁਮਾਰ, ਅਮਰ ਸਿੰਘ, ਗੁਰਮੀਤ ਸਿੰਘ ਤੇ ਸ਼ਮੀ ਵੀਰਵਾਰ ਨੂੰ ਮਲੇਰਕੋਟਲਾ ਵਿੱਚ ਪੀਰ ਦੀ ਦਰਗਾਹ 'ਤੇ ਮੱਥਾ ਟੇਕਣ ਲਈ ਗਏ ਸੀ। ਸ਼ੁੱਕਰਵਾਰ ਸਵੇਰੇ ਜਦੋਂ ਉਹ ਉੱਥੋਂ ਵਾਪਸ ਆ ਰਹੇ ਸੀ ਤਾਂ ਬੁਗੀਪੁਰਾ ਚੌਕ ਵਾਲੇ ਪੁਲ਼ 'ਤੇ ਹਾਦਸਾ ਵਾਪਰ ਗਿਆ।

ਹਾਦਸੇ ਮਗਰੋਂ ਕੈਂਟਰ ਚਾਲਕ ਕੈਂਟਰ ਸਮੇਤ ਫਰਾਰ ਹੋ ਗਿਆ ਜਦਕਿ ਟੈਂਪੂ ਤਿੰਨ ਵਾਰ ਪਲਟ ਗਿਆ। ਟੈਂਪੂ ਵਿੱਚ ਸਵਾਰ ਸਾਰੇ 8 ਜਣੇ ਜ਼ਖ਼ਮੀ ਹੋ ਗਏ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜ਼ਖ਼ਮੀਆਂ ਵਿੱਚੋਂ ਮਨਪ੍ਰੀਤ ਸਿੰਘ ਜ਼ਿਆਦਾ ਗੰਭੀਰ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਕਿਸੇ ਹੋਰ ਨਿੱਜੀ ਹਸਪਤਾਲ ਲੈ ਗਏ ਹਨ।