ਮੁਹੰਮਦ ਸਦੀਕ ਨੇ ਕਿਸਾਨੀ ਹੱਕ 'ਚ ਗੀਤ ਗਾਉਂਦਿਆਂ ਕੀਤੀ ਕੈਪਟਨ ਦੀ ਤਾਰੀਫ
ਸਦੀਕ ਦਾ ਗਾਣਾ ਪੰਜਾਬ ਕਾਂਗਰਸ ਦੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਗਿਆ ਸੀ। ਦਰਅਸਲ ਖੇਤੀ ਬਿੱਲਾਂ ਬਾਰੇ ਅਣਜਾਣਪੂਣਾ ਦਿਖਾਉਣ 'ਤੇ ਮੁਹੰਮਦ ਸਦੀਕ ਦੀ ਰੱਜ ਕੇ ਆਲੋਚਨਾ ਹੋਈ ਸੀ।
ਫਿਰੋਜ਼ਪੁਰ: ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਲਈ ਕਿਸਾਨ ਅੰਦੋਲਨ ਦੀ ਹਮਾਇਤ 'ਚ ਗੀਤ ਰਿਲੀਜ਼ ਕੀਤਾ ਹੈ। ਮੁਹੰਮਦ ਸਦੀਕ ਦੀ ਆਵਾਜ਼ ਵਿੱਚ ਗਾਏ ਗੀਤ 'ਚ ਕਿਸਾਨਾਂ ਨੂੰ ਆਪਣੀ ਲੜਾਈ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ। ਮੁਹੰਮਦ ਸਦੀਕ ਦੇ ਗਾਣੇ ਦੇ ਬੋਲ ਹਨ, 'ਦਿੱਲੀ ਵੱਲ ਚੱਲੇ ਕਾਫਲੇ ਕਿਸਾਨਾਂ ਦੇ'।
ਇਹ ਗਾਣਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਕਰੀਬ ਦੇ 'ਸ਼ਬਦ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥' ਤੋਂ ਸ਼ੁਰੂ ਹੁੰਦਾ ਹੈ। ਇਹ ਗੀਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਸੱਦੇ ਵਿਧਾਨ ਸਭਾ ਸੈਸ਼ਨ ਦੀ ਸ਼ਲਾਘਾ ਕਰਦਾ ਹੈ।
ਮੁਹੰਮਦ ਸਦੀਕ ਨੇ ਕਿਹਾ ਕਿਸਾਨਾਂ ਦਾ ਵਿਰੋਧ ਬੀਜੇਪੀ ਲੀਡਰਾਂ ਦੇ ਹੰਕਾਰ ਨੂੰ ਖਤਮ ਕਰ ਦੇਵੇਗਾ ਤੇ ਉਨ੍ਹਾਂ ਦਾ ਘੁਮੰਡ ਤੋੜੇਗਾ ਜੋ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨੀ ਨੂੰ ਢਾਹ ਲਾ ਰਹੇ ਹਨ। ਕਰੀਬ ਸਾਢੇ ਸੱਤ ਮਿੰਟ ਦੇ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਵੱਲੋਂ ਲਿਖੇ ਗਏ ਹਨ।
ਸਦੀਕ ਦਾ ਗਾਣਾ ਪੰਜਾਬ ਕਾਂਗਰਸ ਦੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਗਿਆ ਸੀ। ਦਰਅਸਲ ਖੇਤੀ ਬਿੱਲਾਂ ਬਾਰੇ ਅਣਜਾਣਪੂਣਾ ਦਿਖਾਉਣ 'ਤੇ ਮੁਹੰਮਦ ਸਦੀਕ ਦੀ ਰੱਜ ਕੇ ਆਲੋਚਨਾ ਹੋਈ ਸੀ। ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ 'ਚ ਗੀਤ ਗਾਇਆ ਗਿਆ।
ਇਸ ਗੀਤ ਦੀ ਵੀਡੀਓ ਦੀ ਜੇਕਰ ਗੱਲ ਕਰੀਏ ਤਾਂ ਸਿੰਘੂ ਬਾਰਡਰ ਤੋਂ ਕਿਸਾਨਾਂ ਦੇ ਭਾਰੀ ਇਕੱਠ ਤੋਂ ਇਲਾਵਾ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੀਆਂ ਪਾਣੀ ਦੀਆਂ ਬੋਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਉਂਦਿਆਂ ਦੀਆਂ ਤਸਵੀਰਾਂ ਸ਼ਾਮਲ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ