(Source: ECI/ABP News/ABP Majha)
ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਸਾਡੀ ਪਹਿਲੀ ਤਰਜੀਹ: MP ਸਿਮਰਨਜੀਤ ਸਿੰਘ ਮਾਨ
ਬਰਨਾਲਾ ਵਿੱਚ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਕਮ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਮਾਨ ਨੇ ਅਹਿਮ ਮੁੱਦਿਆਂ 'ਤੇ ਗੱਲਬਾਤ ਕੀਤੀ ਤੇ ਮੁਸ਼ਕਿਲਾਂ ਸੁਣੀਆਂ।
Barnala news: ਬਰਨਾਲਾ ਵਿੱਚ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਕਮ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਦੇ ਵਿਧਾਇਕਾ ਵੱਲੋਂ ਜਿੱਥੇ ਵੱਖ-ਵੱਖ ਨੁੰਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਉੱਥੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, ਐਸਐਸਪੀ ਸੰਦੀਪ ਕੁਮਾਰ ਮਲਿਕ, ਐਸਡੀਐਮ ਤੇ ਤਹਿਸੀਲਦਾਰ ਸਹਿਬਾਨ ਸਮੇਤ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜਰ ਹੋਏ।
ਮੀਟਿੰਗ ਦੌਰਾਨ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਅਤੇ ਲੋਕ ਮਸਲਿਆਂ ਨੂੰ ਹੱਲ ਕਰਨਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਸ ਲਈ ਉਨ੍ਹਾਂ ਸਾਰੇ ਮਸਲਿਆਂ ਦਾ ਹੱਲ ਤੁਰੰਤ ਹੋਣਾ ਚਾਹੀਦਾ, ਜਿਨ੍ਹਾਂ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਾਨ ਨੇ ਕਿਹਾ ਕਿ ਜੇਕਰ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਤੁਸੀਂ ਸਾਡੇ ਕੋਲ ਭੇਜੋ, ਤਾਂ ਜੋ ਅਸੀਂ ਉਨ੍ਹਾਂ ਦੀ ਤਿੰਨ ਲੱਖ ਰੁਪਏ ਤੱਕ ਇਲਾਜ ਵਿੱਚ ਆਰਥਿਕ ਮੱਦਦ ਕਰਵਾ ਸਕੀਏ। ਉਨ੍ਹਾਂ ਨੇ ਵੱਖ-ਵੱਖ ਹਸਪਤਾਲਾਂ ਵਿੱਚ ਮਸ਼ੀਨਾਂ ਅਤੇ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਪੁੱਛਿਆ। ਉਨ੍ਹਾਂ ਦੱਸਿਆ ਕਿ ਬਰਨਾਲਾ ਰੇਲਵੇ ਸਟੇਸ਼ਨ 'ਤੇ ਗੱਡੀਆਂ ਰੁਕਣ ਦੀ ਮੁਸ਼ਕਿਲ ਬਾਰੇ ਵੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਲਿਖਿਆ ਹੈ, ਜਲਦੀ ਹੀ ਇਹ ਮਸਲਾ ਵੀ ਹੱਲ ਹੋ ਜਾਵੇਗਾ।
ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਹਲਕੇ ਦੇ ਲੋਕਾਂ ਨਾਲ ਸਬੰਧਤ ਅਨੇਕਾਂ ਮੁਸ਼ਕਿਲਾਂ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਲਈ ਵੀ ਕਿਹਾ। ਉੱਥੇ ਹੀ ਸੰਘੇੜਾ ਟੁੱਟੇ ਹੋਏ ਸੂਏ ਦੀ ਮੁਰੰਮਤ ਜਲਦ ਤੋਂ ਜਲਦ ਕਰਨ ਬਾਰੇ, ਧਨੌਲਾ ਨਹਿਰੀ ਖਾਲ ਨੂੰ ਪੱਕਾ ਕਰਨ, ਬਰਨਾਲਾ ਦੇ ਸਾਰੇ ਸਬ ਡਿਵੀਜਨਾਂ ਦੇ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ ਤੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਬਾਰੇ, ਭਦੌੜ ਦੇ ਬੰਦ ਪਏ ਸੀਵਰੇਜ ਦੀ ਨਿਕਾਸੀ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਉਣ, ਫਰਵਾਹੀ ਦੇ ਬੰਦ ਪਏ ਸੀਵਰੇਜ ਦੀ ਨਿਕਾਸੀ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਬਾਰੇ ਅਤੇ ਪਿੰਡ ਭੈਣੀ ਫੱਤਾ ਸਰਕਾਰੀ ਹਾਈ ਸਕੂਲ ਨੂੰ 12ਵੀਂ ਤੱਕ ਕਰਨ ਬਾਰੇ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਚਰਚਾ ਕੀਤੀ ਅਤੇ ਇਨ੍ਹਾਂ ਮੁਸ਼ਕਿਲਾਂ ਅਤੇ ਕਾਰਜਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਲਈ ਕਿਹਾ।
ਮੀਟਿੰਗ ਉਪਰੰਤ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਮਸਲਿਆਂ ਤੇ ਮੁਸ਼ਕਿਲਾਂ ਦਾ ਹੱਲ ਕਰਨਾ ਮੇਰੀ ਪਹਿਲੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਪ੍ਰਗਟਾਏ ਭਰੋਸੇ ਨੂੰ ਉਹ ਹਮੇਸ਼ਾ ਬਰਕਰਾਰ ਰੱਖਣਗੇ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਦਿਸ਼ਾ ਕਮੇਟੀ ਬਰਨਾਲਾ ਦੇ ਸਮੂਹ ਮੈਂਬਰ ਅਧਿਕਾਰੀਆਂ ਨੂੰ ਕਿਹਾ ਕਿ ਤੁਹਾਡਾ ਚੇਅਰਮੈਨ ਹੋਣ ਦੇ ਨਾਤੇ ਮੈਂ ਹਮੇਸ਼ਾ ਤੁਹਾਡੇ ਲਈ ਹਾਜਰ ਹਾਂ। ਲੋਕ ਭਲਾਈ ਦੇ ਕਿਸੇ ਵੀ ਕੰਮ ਲਈ ਕਦੇ ਵੀ ਮੈਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ: 'ਰਾਹੁਲ ਗਾਂਧੀ ਦੇ ਵਾਰਾਣਸੀ ਪਹੁੰਚਣ ਦੀ ਕੋਈ ਸੂਚਨਾ ਨਹੀਂ ਸੀ' - ਕਾਂਗਰਸ ਦੇ ਦੋਸ਼ਾਂ 'ਤੇ ਏਅਰਪੋਰਟ ਅਧਿਕਾਰੀ ਦਾ ਜਵਾਬ