Crime News: ਫਰੀਦਕੋਟ ਸ਼ਹਿਰ ਦੇ ਨਾਲ ਲੱਗਦੇ ਪਿੰਡ ਟਿੱਬੀ ਭਰਾਈਆਣਾ ਵਿੱਚ ਪ੍ਰੇਮ ਸਬੰਧਾਂ ਕਾਰਨ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਹੰਗਾਮੇ ਦੀ ਲਪੇਟ 'ਚ ਆਉਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਮ੍ਰਿਤਕ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (30) ਵਾਸੀ ਡੋਗਰ ਬਸਤੀ, ਫਰੀਦਕੋਟ ਵਜੋਂ ਹੋਈ ਹੈ। ਕਤਲ ਕੇਸ ਵਿੱਚ ਥਾਣਾ ਸਿਟੀ ਪੁਲਿਸ ਨੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਜੋੜੇ ਨੂੰ ਹਿਰਾਸਤ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੋਗਰ ਬਸਤੀ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦਾ ਪਿੰਡ ਟਿੱਬੀ ਭਰਿਆਣ ਵਾਸੀ ਜਸਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਦੇ ਘਰ ਆਉਣਾ-ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਦੇ ਮਨਪ੍ਰੀਤ ਕੌਰ ਨਾਲ ਪ੍ਰੇਮ ਸਬੰਧ ਸਨ।
ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਹ ਉਨ੍ਹਾਂ ਦੇ ਘਰ ਆਉਂਦਾ ਰਿਹਾ। ਐਤਵਾਰ ਰਾਤ ਨੂੰ ਵੀ ਗੁਰਪ੍ਰੀਤ ਸਿੰਘ ਆਪਣੇ ਇੱਕ ਦੋਸਤ ਨਾਲ ਮਨਪ੍ਰੀਤ ਕੌਰ ਦੇ ਘਰ ਆਇਆ ਹੋਇਆ ਸੀ ਜਿਸ ਤੋਂ ਬਾਅਦ ਜਦੋਂ ਘਰ 'ਚ ਹੰਗਾਮਾ ਹੋ ਗਿਆ ਤਾਂ ਗੁਰਪ੍ਰੀਤ ਸਿੰਘ ਅਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਉਕਤ ਪਰਿਵਾਰ ਦੀ ਬਜ਼ੁਰਗ ਔਰਤ ਦੀ ਸਦਮੇ ਕਾਰਨ ਮੌਤ ਹੋ ਗਈ।
ਔਰਤ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕ ਜਸਪ੍ਰੀਤ ਸਿੰਘ ਦੇ ਘਰ ਇਕੱਠੇ ਹੋ ਗਏ ਅਤੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਦੇ ਦੁਬਾਰਾ ਪਿੰਡ ਵਿੱਚ ਦਾਖਲ ਹੋਣ ਦੀ ਸੂਚਨਾ ਮਿਲੀ। ਇਸ ਮੌਕੇ ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਲੱਗਣ ਕਾਰਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਜ਼ਖਮੀ ਹੋ ਗਿਆ।
ਇਸ ਮਾਮਲੇ ਵਿੱਚ ਡੀਐਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਜਸਪ੍ਰੀਤ ਸਿੰਘ ਤੇ ਮਨਪ੍ਰੀਤ ਕੌਰ ਕੋਲ ਆਉਂਦਾ ਜਾਂਦਾ ਸੀ। ਪੁਲਸ ਨੇ ਉਕਤ ਜੋੜੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਜ਼ਖਮੀਆਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।