ਚੰਡੀਗੜ੍ਹ: ਵਿਧਾਨ ਸਭਾ ਦੇ ਸਦਨ ਵਿੱਚ ਨਾਜਰ ਸਿੰਘ ਮਾਨਸ਼ਾਹੀਆ ਇਕਲੌਤੇ ਅਜਿਹੇ ਚਿਹਰਾ ਹਨ ਜੋ ਬੈਠਣਗੇ ਤਾਂ ਆਮ ਆਦਮੀ ਪਾਰਟੀ ਵਾਲੇ ਪਾਸੇ ਪਰ ਪੱਖ ਉਹ ਕਾਂਗਰਸ ਦਾ ਪੂਰਨਗੇ। ਮਾਨਸ਼ਾਹੀਆ ਮਾਨਸਾ ਤੋਂ 'ਆਪ' ਦੇ ਵਿਧਾਇਕ ਹਨ, ਪਰ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਦਾ ਅਸਤੀਫਾ ਅਜੇ ਤੱਕ ਸਪੀਕਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਇਸ ਕਰਕੇ ਮਾਨਸ਼ਾਹੀਆ ਫਿਲਹਾਲ ਆਪਣੇ ਪੁਰਾਣੇ ਸਾਥੀਆਂ ਨਾਲ ਹੀ ਬੈਠਣਗੇ।


ਇਸ ਮੁਤਾਬਕ ਮਾਨਸ਼ਾਹੀਆ ਦੀ ਸੀਟ ਜ਼ਰੂਰ ਵਿਰੋਧੀ ਧਿਰ ਵਿੱਚ ਹੋਵੇਗੀ ਪਰ ਆਵਾਜ਼ ਤੇ ਦਿਲ ਸਰਕਾਰ ਦੇ ਹੱਕ ਵਿੱਚ ਰਹੇਗਾ। ਪਾਰਟੀ ਬਦਲਣ ਤੋਂ ਬਾਅਦ ਮਾਨਸ਼ਾਹੀਆ ਨੇ ਆਪਣੇ ਬਿਆਨ ਵੀ ਬਦਲ ਦਿੱਤੇ ਹਨ। ਪਿਛਲੇ ਸਦਨ ਵਿੱਚ ਜੋ ਆਵਾਜ਼ ਕਾਂਗਰਸ ਖਿਲਾਫ ਸੀ, ਹੁਣ ਉਹ ਕਾਂਗਰਸ ਦਾ ਪੱਖ ਪੂਰਦੀ ਨਜ਼ਰ ਆਏਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਲਾਏ ਜਾਣ ਵਾਲੇ ਧਰਨੇ ਵਿੱਚ ਆਪਣਾ ਹਿੱਸਾ ਪਾਉਣਾ ਹੈ ਕਿ ਨਹੀਂ, ਇਹ ਮੁੱਦਾ ਤੇ ਮੌਕਾ ਦੇਖ ਕੇ ਤੈਅ ਕੀਤਾ ਜਾਵੇਗਾ।


ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸੈਸ਼ਨ ਵਧਾਉਣ ਦੀ ਮੰਗ ਰੱਖਣ ਨੂੰ ਨਾ ਮੰਨਣ 'ਤੇ ਕਿਹਾ ਕੀ ਸਰਕਾਰ ਮੁੱਦਿਆਂ 'ਤੇ ਬਹਿਸ ਕਰਨ ਤੋਂ ਭੱਜ ਰਹੀ ਹੈ। ਢੀਂਡਸਾ ਨੇ ਕਿਹਾ ਪੰਜਾਬ ਦੇ ਗੰਭੀਰ ਮੁੱਦਿਆਂ ਲਈ ਦੋ ਦਿਨ ਦਾ ਸੈਸ਼ਨ ਵਾਜਬ ਨਹੀਂ। ਵਿਧਾਨ ਸਭਾ ਵਿੱਚ ਚਾਰ ਸੌ ਸਵਾਲ ਲਿਸਟ ਕੀਤੇ ਗਏ ਹਨ ਤੇ ਦੋ ਦਿਨ ਵਿੱਚ ਲਗਪਗ ਚਾਲੀ ਸਵਾਲ ਹੀ ਨਿੱਬੜ ਸਕਦੇ ਹਨ। ਰਹਿੰਦੇ ਸਵਾਲ ਫਿਰ ਅਗਲੇ ਵਿਧਾਨ ਸਭਾ ਸੈਸ਼ਨ ਤੱਕ ਟਲ ਜਾਣਗੇ।


ਹਾਲਾਂਕਿ ਸਰਕਾਰ ਨੇ ਬਿਜ਼ਨਸ ਐਡਵਾਈਜ਼ਰੀ ਦੀ ਬੈਠਕ ਵਿੱਚ ਦਰਜ ਦਿੱਤਾ ਕਿ ਸਰਕਾਰ ਕੋਲ ਸੈਸ਼ਨ ਵਧਾਉਣ ਲਈ ਬਿਜ਼ਨਸ ਨਹੀਂ ਹੈ, ਪਰ ਢੀਂਡਸਾ ਦਾ ਕਹਿਣਾ ਹੈ ਕਿ ਸਰਕਾਰ ਕੋਲ ਮੁੱਦਿਆਂ 'ਤੇ ਬਹਿਸ ਕਰਨ ਲਈ ਜਵਾਬ ਨਹੀਂ। ਇਸ ਕਰਕੇ ਸਰਕਾਰ ਸਦਨ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ।


ਇਸ ਤੋਂ ਇਲਾਵਾ ਵਿਰੋਧੀ ਧਿਰ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੇ ਹਾਲਾਤ ਭਾਵੇਂ ਖਰਾਬ ਹਨ, ਪਰ ਵਿਧਾਨ ਸਭਾ 'ਚ ਮੁੱਦੇ ਇਕਜੁੱਟ ਹੋ ਕੇ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਾਲਾਤ ਕਾਂਗਰਸ ਨਾਲੋਂ ਕਿਤੇ ਚੰਗੇ ਹਨ, ਜਿਸ ਵਿੱਚ ਆਪਣੀਆਂ ਸੀਟਾਂ ਨੂੰ ਲੈ ਕੇ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਪਈ। ਪਾਰਟੀ ਹਰ ਮੁੱਦਾ ਪੁਰਜ਼ੋਰ ਚੁੱਕੇਗ। ਭਾਵੇਂ ਸੈਸ਼ਨ ਦੇ ਦਿਨ ਮੁੱਦਿਆਂ ਮੁਤਾਬਕ ਘਟ ਹਨ, ਪਰ ਵਿਰੋਧੀ ਧਿਰ ਦੀ ਪਾਰਟੀ ਪੂਰਾ ਜ਼ੋਰ ਲਗਾਏਗੀ।