(Source: ECI/ABP News/ABP Majha)
ਕੌਮੀ ਖਿਡਾਰੀ ਨਵਦੀਪ ਕੌਰ ਨੇ ਫਿਰ ਜਿੱਤਿਆ ਗੋਲਡ, ਹੁਣ ਘਰ ਦੀ ਮੁਰੰਮਤ ਵੀ ਕਰਾਵੇਗਾ ਜ਼ਿਲ੍ਹਾ ਪ੍ਰਸ਼ਾਸਨ
ਨਵਦੀਪ ਕੌਰ ਨੇ ਕਿਹਾ ਕਿ ਪਟਿਆਲਾ ਦੇ ਵਿੱਚ ਗੇਮਜ਼ ਹੋਈਆਂ ਸਨ ਅਤੇ ਮੈਂ ਪੰਜਾਬ ਵੱਲੋਂ ਖੇਡੀ ਸੀ ਅਤੇ ਉਸ ਵਿਚ 161 ਕਿਲੋ ਭਾਰ ਚੁੱਕ ਕੇ ਗੋਲਡ ਮੈਡਲ ਹਾਸਿਲ ਕੀਤਾ ਹੈ।
ਗੁਰਦਾਸਪੁਰ: ਬਟਾਲਾ ਦੇ ਪਿੰਡ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਨਵਦੀਪ ਕੌਰ ਨੇ ਇਕ ਵਾਰੀ ਫੇਰ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਨੈਸ਼ਨਲ ਵਿੱਚ ਇੱਕ ਗੋਲਡ ਅਤੇ ਇਕ ਸਿਲਵਰ ਮੈਡਲ ਵੀ ਹਾਸਲ ਕੀਤਾ ਸੀ ਅਤੇ ਹੁਣ ਨਵਦੀਪ ਕੌਰ ਨੇ ਨੈਸ਼ਨਲ ਜੂਨੀਅਰ ਵੇਟ ਲਿਫਟਿੰਗ ਮੁਕਾਬਲੇ ਵਿਚ ਇਕ ਵਾਰ ਫਿਰ ਤੋਂ ਗੋਲਡ ਮੈਡਲ ਜਿਤਿਆ ਹੈ।ਕਾਦੀਆਂ ਪਹੁੰਚਣ 'ਤੇ ਨਵਦੀਪ ਦਾ ਭਰਵਾਂ ਸਵਾਗਤ ਕੀਤਾ ਗਿਆ।
ਨਵਦੀਪ ਕੌਰ ਨੇ ਕਿਹਾ ਕਿ ਪਟਿਆਲਾ ਦੇ ਵਿੱਚ ਗੇਮਜ਼ ਹੋਈਆਂ ਸਨ ਅਤੇ ਮੈਂ ਪੰਜਾਬ ਵੱਲੋਂ ਖੇਡੀ ਸੀ ਅਤੇ ਉਸ ਵਿਚ 161 ਕਿਲੋ ਭਾਰ ਚੁੱਕ ਕੇ ਗੋਲਡ ਮੈਡਲ ਹਾਸਿਲ ਕੀਤਾ ਹੈ। ਜਿਸ ਨਾਲ ਇਲਾਕੇ ਵਿਚ ਅਤੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਦਿਲ ਵਿਚ ਕੁਝ ਕਰਨ ਦੀ ਚਾਹ ਹੋਵੇ ਤਾਂ ਇਨਸਾਨ ਸਭ ਕੁਝ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਗੋਲਡ ਜਿੱਤਣ ਤੋ ਬਾਅਦ ਗੁਰਦਾਸਪੁਰ ਦੇ ਡੀਸੀ ਨੇ ਵੱਡੇ ਇਨਾਮਾਂ ਦਾ ਐਲਾਨ ਕੀਤਾ ਅਤੇ ਟੁੱਟੇ ਘਰ ਦੀ ਮੁਰੰਮਤ ਦਾ ਵੀ ਭਰੋਸਾ ਦਿੱਤਾ ਹੈ। ਨਵਦੀਪ ਕੌਰ ਦੇ ਮਾਮਾ ਜਗਦੇਵ ਰਾਜ ਨੇ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ, ਕਿ ਨਵਦੀਪ ਕੌਰ ਨੇ ਅੱਜ ਸਭ ਦਾ ਸਿਰ ਉੱਚਾ ਕੀਤਾ ਹੈ, ਇਹੋ ਜਿਹੀਆਂ ਧੀਆਂ ਸਭ ਦੇ ਘਰ ਜਨਮ ਲੈਣ।
ਗੁਰਦਾਸਪੁਰ ਦੇ ਡੀਸੀ ਮੁਹੰਮਦ ਅਸ਼ਫਾਕ ਨੇ ਦੱਸਿਆ ਕਿ ਖਿਡਾਰਨ ਨਵਦੀਪ ਕੌਰ ਜਿਸ ਦੇ ਘਰ ਦੀ ਸਥਿਤੀ ਕਾਫੀ ਕਮਜ਼ੋਰ ਹੈ, ਜਿਸ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤੇ ਖਿਡਾਰਣ ਨੂੰ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਲਈ ਚੈੱਕ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਨਵਦੀਪ ਕੌਰ ਦੇ ਘਰ ਦੀ ਛੱਤ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਉਸਦੇ 65 ਸਾਲ ਦੇ ਪਿਤਾ ਦੀ ਮਹੀਨਾਵਾਰ 1500 ਰੁਪਏ ਪੈਨਸ਼ਨ ਵੀ ਅਗਲੇ ਸੋਮਵਾਰ ਤੋਂ ਲੱਗ ਜਾਵੇਗੀ। ਨਵਦੀਪ ਕੌਰ ਦੇ ਪਿਤਾ ਦਾ ਇਲਾਜ ਵੀ ਮੁਫਤ ਕਰਵਾਇਆ ਜਾਵੇਗਾ ਅਤੇ ਖੇਡ ਵਿਭਾਗ ਵੱਲੋਂ ਖਿਡਾਰੀ ਨੂੰ ਰੋਜ਼ਾਨਾ 100 ਰੁਪਏ ਡਾਈਟ ਲਈ ਦਿੱਤੇ ਜਾਂਦੇ ਹਨ, ਉਹ ਵੀ ਨਵਦੀਪ ਕੌਰ ਨੂੰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਨਵਦੀਪ ਕੌਰ ਦੀ ਹੋਰ ਵਿੱਤੀ ਮਦਦ ਲਈ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਤੇ ਜ਼ਿਲਾ ਪ੍ਰਸ਼ਾਸਨ ਖਿਡਾਰਨ ਨਵਦੀਪ ਕੌਰ ਦੀ ਪੂਰੀ ਮਦਦ ਕਰੇਗਾ। ਉਨਾਂ ਕਿਹਾ ਕਿ 15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਵਸ ਸਮਾਗਮ ਵਿਚ ਖਿਡਾਰਨ ਨਵਦੀਪ ਕੌਰ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਜਾਵੇਗਾ ਅਤੇ ਉਸਨੂੰ ਗੋਲਡ ਕੋਨ’ ਨਾਲ ਨਿਵਾਜਿਆ ਜਾਵੇਗਾ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ABP Sanjha ਨੇ ਖਿਡਾਰਨ ਨਵਦੀਪ ਕੌਰ ਦੀ ਖਬਰ ਲਗਾਈ ਸੀ। ਦੱਸਿਆ ਗਿਆ ਸੀ ਕਿ ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਨੈਸ਼ਨਲ ਖਿਡਾਰੀ ਨਵਦੀਪ ਕੌਰ ਜੋ ਕਿ ਅੰਡਰ 17 ਵਿਚ ਖੇਲੋ ਇੰਡੀਆ ਖੇਡਾਂ ਵਿਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਪਰ ਆਪਣੇ ਘਰ ਵਿਚ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਹੈ। ਲੇਕਿਨ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵਦੀਪ ਕੌਰ ਨੂੰ ਵੱਡੀ ਮਦਦ ਦਿਤੀ ਜਾਵੇਗੀ।