ਅੰਮ੍ਰਿਤਸਰ: ਸ਼ਹਿਰ ਦੇ ਜੌੜਾ ਫਾਟਕ ਨੇੜੇ ਹੋਏ ਵੱਡੇ ਰੇਲ ਹਾਦਸੇ ਵਿੱਚ ਆਪਣੇ ਉੱਪਰ ਲੱਗ ਰਹੇ ਇਲਜ਼ਾਮਾਂ ਬਾਰੇ ਕੈਬਨਿਟ ਮੰਤਰੀ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣਾ ਪਹਿਲਾ ਪ੍ਰਤੀਕਰਮ ਦਿੱਤਾ ਹੈ। ਸਿੱਧੂ ਨੇ ਮੀਡੀਆ ਸਾਹਮਣੇ ਆ ਕੇ ਦੁਰਘਟਨਾ ਤੋਂ ਪਹਿਲਾਂ ਹੋਏ ਵਾਕਿਆ ਬਾਰੇ ਵੀ ਦੱਸਿਆ। ਦਰਅਸਲ, ਬੀਤੀ ਦੇਰ ਸ਼ਾਮ ਨੂੰ ਦੁਸਹਿਰਾ ਦੇਖ ਰਹੇ ਲੋਕਾਂ ਉੱਪਰ ਰੇਲ ਚੜ੍ਹ ਜਾਣ ਕਾਰਨ 59 ਮੌਤਾਂ ਤੋਂ ਬਾਅਦ ਅਕਾਲੀ ਲੀਡਰ ਬਿਕਰਮ ਮਜੀਠੀਆ ਤੇ ਹੋਰਾਂ ਨੇ ਨਵਜੋਤ ਕੌਰ ਦੀ ਉਸ ਸਮਾਗਮ ਵਿੱਚ ਸ਼ਮੂਲੀਅਤ 'ਤੇ ਸਵਾਲ ਚੁੱਕੇ ਸਨ।


ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਥਾਨਕ ਲੀਡਰ ਹੋਣ ਦੇ ਨਾਤੇ ਦੁਸਹਿਰੇ ਦੇ ਸਾਰੇ ਸਮਾਗਮਾਂ ਵਿੱਚ ਹਾਜ਼ਰੀ ਲਵਾਉਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਉਹ ਕੁਝ ਸਮੇਂ ਬਾਅਦ ਹੀ ਅਗਲੇ ਫੰਕਸ਼ਨ ਵਿੱਚ ਚਲੀ ਗਈ ਸੀ ਨਾ ਕਿ ਰੇਲ ਹਾਦਸਾ ਹੋਣ ਤੋਂ ਬਾਅਦ।

ਉਨ੍ਹਾਂ ਕਿਹਾ ਕਿ ਰੇਲਵੇ ਟਰੈਕ 'ਤੇ ਹਾਦਸੇ ਦੀ ਸੂਚਨਾ ਮਿਲਣ 'ਤੇ ਉਹ ਤੁਰੰਤ ਵਾਪਸ ਆ ਗਏ ਅਤੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਇਲਾਜ ਕੀਤਾ। ਨਵਜੋਤ ਕੌਰ ਸਿੱਧੂ ਨੇ ਇਹ ਕਿਹਾ ਕਿ ਸਟੇਜ 'ਤੇ ਬੈਠੇ ਹੋਏ ਤਿੰਨ-ਚਾਰ ਵਾਰ ਲੋਕਾਂ ਨੂੰ ਰੇਲਵੇ ਟਰੈਕ ਖਾਲੀ ਕਰ ਕਰਨ ਦੀ ਅਪੀਲ ਵੀ ਕੀਤੀ ਗਈ ਸੀ, ਪਰ ਹੋਣੀ ਨਾ ਟਲੀ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪਿਛਲੇ ਚਾਲੀ ਸਾਲਾਂ ਤੋਂ ਉਸੇ ਹੀ ਜਗ੍ਹਾ ਦੁਸਹਿਰਾ ਮਨਾਇਆ ਜਾ ਰਿਹੈ ਤੇ ਰਾਵਣ ਦਹਿਨ ਹੋ ਰਿਹਾ ਹੈ। ਸਿੱਧੂ ਨੇ ਕਿਹਾ ਦੋਸ਼ੀਆਂ 'ਤੇ ਕਾਰਵਾਈ ਜ਼ਰੂਰ ਹੋਵੇਗੀ।