ਚੰਡੀਗੜ੍ਹ: ਕਰਤਾਰਪੁਰ ਲਾਂਘੇ ਨੂੰ ਲੈ ਕੇ ਚਾਹੇ ਸਿਆਸਤ ਸਿਖਰਾਂ 'ਤੇ ਰਹੀ ਪਰ ਨੌਂ ਨਵੰਬਰ ਨੂੰ ਉਦਘਾਟਨੀ ਸਮਾਗਮ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਹੀਰੋ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਰਹੇ। ਦਿਲਚਸਪ ਹੈ ਕਿ ਇਨ੍ਹਾਂ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਹੋਏ ਸਮਾਗਮਾਂ 'ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਸਾਰੇ ਵੱਡੇ ਸਿਆਸਤਦਾਨ ਪਹੁੰਚੇ ਸੀ ਪਰ ਮੀਡੀਆ ਦੀ ਨਜ਼ਰ ਸਿੱਧੂ ਉੱਪਰ ਹੀ ਰਹੀ। ਸਿਰਫ ਮੀਡੀਆ ਹੀ ਨਹੀਂ ਦੋਵੇਂ ਮੁਲਕਾਂ ਦੇ ਲੋਕਾਂ ਨੇ ਵੀ ਸਿੱਧੂ ਨੂੰ ਹੀਰੋ ਵਾਂਗ ਲਿਆ।


ਸ਼੍ਰੀ ਕਰਤਾਰਪੁਰ ਵਿਖੇ ਤਾਂ ਸਿੱਧੂ ਨਾਲ ਸੈਲਫੀਆਂ ਲੈਣ ਵਾਲਿਆਂ ਦਾ ਹੜ੍ਹ ਆ ਗਿਆ। ਇਸ ਤਰ੍ਹਾਂ ਕਾਫੀ ਸਮੇਂ ਤੋਂ ਸਿਆਸਤੀ ਮੈਦਾਨ ਤੋਂ ਆਊਟ ਸਿੱਧੂ ਨੇ ਨੌਂ ਨਵੰਬਰ ਨੂੰ ਮੁੜ ਧਮਾਕੇਦਾਰ ਐਂਟਰੀ ਕੀਤੀ। ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਉਨ੍ਹਾਂ ਜਿਉਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਸ਼ਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ 16 ਮਿੰਟ ਦੇ ਲੱਛੇਦਾਰ ਭਾਸ਼ਣ ਵਿੱਚ ਇਮਰਾਨ ਲਈ 10-12 ਸ਼ੇਅਰ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਰੇ ਮਹਿਮਾਨਾਂ ਵਿੱਚੋਂ ਸਿਰਫ਼ ਸਿੱਧੂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ।

ਇਸ ਤੋਂ ਪਹਿਲਾਂ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲੱਗੇ ਤਾਂ ਉੱਥੇ ਮੌਜੂਦ ਸੰਗਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਾਮ ਨੂੰ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਮਗਰੋਂ ਡੇਰਾ ਬਾਬਾ ਨਾਨਕ ਪਹੁੰਚੇ ਤਾਂ ਲਾਂਘੇ ਕੋਲ ਲੋਕਾਂ ਨੇ ਸਿੱਧੂ ਦੇ ਪੱਖ ’ਚ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਸਿੱਧੂ ਨੂੰ ਅਮਨ ਦਾ ਨੁਮਾਇੰਦਾ ਦੱਸਦਿਆਂ ਜੈਕਾਰੇ ਵੀ ਛੱਡੇ।

ਨਵਜੋਤ ਸਿੱਧੂ ਜਦੋਂ ਇਮਰਾਨ ਖ਼ਾਨ ਦੇ ਵਜ਼ੀਰੇ ਆਜ਼ਮ ਵਜੋਂ ਹਲਫ਼ ਲੈਣ ਵਾਲੇ ਸਮਾਗਮ ਲਈ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ। ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਦੇ ਲਾਂਘਾ ਖੁੱਲ੍ਹਵਾਉਣ ਦੇ ਯਤਨਾਂ ਕਰਕੇ ਹੀ ਅੱਜ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਨੂੰ ਮਿਲੇ ਹਨ।