ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ 'ਤੇ ਤਿੱਖੇ ਹਮਲੇ ਕੀਤੇ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਵਿੱਚ ਸਰਕਾਰੀ ਹੋਟਲ ਬੰਦ ਕਰਵਾਏ ਤੇ ਸੁਖਬੀਰ ਬਾਦਲ ਨੇ ਆਪਣਾ ਫਾਈਵ ਸਟਾਰ ਹੋਟਲ ਚਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਇੱਕ ਸਾਲ ਦਿਓ। ਇੱਕ ਸਾਲ ਬਾਅਦ ਸਾਡੇ ਤੋਂ ਪੂਰਾ ਹਿਸਾਬ ਲਿਓ।


ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਭ੍ਰਿਸ਼ਟਾਚਾਰ ਦਾ ਮਾਹਰਤ ਹੈ। ਬਲੀ ਦਾ ਬੱਕਰਾ ਕਿਸੇ ਹੋਰ ਨੂੰ ਬਣਾਉਂਦਾ ਤੇ ਖਾਂਦਾ ਆਪ ਹੈ। ਉਨ੍ਹਾਂ ਕਿਹਾ ਕਿ ਅਕਾਲੀ ਨੀਲੀਆਂ ਪੱਗਾਂ ਕਰਕੇ ਜਾਣੇ ਜਾਂਦੇ ਸੀ ਤੇ ਹੁਣ ਨੀਲੀਆਂ ਫ਼ਿਲਮਾਂ ਕਰਕੇ ਜਾਣੇ ਜਾ ਰਹੇ ਹਨ। ਮਜੀਠੀਆ ਬਾਰੇ ਉਨ੍ਹਾਂ ਕਿਹਾ ਕਿ 50 ਵਿਧਾਇਕਾਂ ਨੇ ਕੈਪਟਨ ਨੂੰ ਮਜੀਠੀਆ ਖ਼ਿਲਾਫ਼ ਲੋਕ ਆਵਾਜ਼ ਤੋਂ ਜਾਣਕਾਰੀ ਕਰਵਾਇਆ ਹੈ। ਕੈਪਟਨ ਕਾਂਗਰਸ ਦੇ ਲੀਡਰ ਹਨ ਤੇ ਫੈਸਲਾ ਲੈਣਾ ਉਨ੍ਹਾਂ ਦੀ ਮਰਜ਼ੀ ਹੈ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਕਾਰਪੋਰੇਸ਼ਨ ਦੀ ਚੋਣ ਵਿਧਾਨ ਸਭਾ ਚੋਣ ਦੇ ਨਾਲ ਹੀ ਹੋਣੀ ਚਾਹੀਦੀ ਹੈ। ਪਿਛਲੀ ਸਰਕਾਰ 'ਤੇ ਇਲਜ਼ਾਮ ਲਾਉਂਦਿਆ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਾਰਪੋਰੇਸ਼ਨਾਂ ਤੇ ਮਿਉਂਸੀਪਲ ਕਮੇਟੀਆਂ ਵਿੱਚ ਅਕਾਲੀ ਸਰਕਾਰ ਦੇ 10 ਸਾਲਾਂ ਵਿੱਚ ਆਡਿਟ ਹੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਲਈ ਕਾਂਗਰਸ ਸਰਕਾਰ ਨੇ ਕੰਮ ਕੀਤਾ ਤੇ ਅੱਗੇ ਵੀ ਕਿਸਾਨ ਰਾਹਤ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪਰਾਲੀ ਵਾਲੇ ਮਾਮਲੇ ਦਾ ਅਗਲੇ ਛੇ ਮਹੀਨੇ ਤੱਕ ਕੈਪਟਨ ਅਮਰਿੰਦਰ ਸਿੰਘ ਕੋਈ ਪੱਕਾ ਹੱਲ ਕੱਢਣਗੇ।