ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੀਰਵਾਰ ਨੂੰ 28 ਵਕੀਲਾਂ ਦੀ ਭਰਤੀ ਕੀਤੀ ਹੈ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁੱਤਰ ਕਰਨ ਸਿੰਘ ਸਿੱਧੂ ਵੀ ਸ਼ਾਮਲ ਹੈ। ਕਰਨ ਸਿੱਧੂ ਨੂੰ ਪੰਜਾਬ ਵਿੱਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ।

 

29 ਸਾਲਾ ਕਰਨ ਸਿੱਧੂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪਿਤਾ ਲਈ ਕਈ ਰੈਲੀਆਂ ਵੀ ਕੀਤੀਆਂ ਸੀ। ਇਸੇ ਦੌਰਾਨ ਉਹ ਸੁਰਖੀਆਂ ਵਿੱਚ ਆਇਆ ਸੀ। ਕੈਪਟਨ ਸਰਕਾਰ ਨੇ ਬੀਤੇ ਕੱਲ੍ਹ ਤਿੰਨ ਵਧੀਕ, 14 ਸਹਾਇਕ ਤੇ 11 ਡਿਪਟੀ ਐਡਵੋਕੇਟ ਜਨਰਲਾਂ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਨਿਯੁਕਤ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਇਹੋ ਵਕੀਲ ਪੰਜਾਬ ਸਰਕਾਰ ਦੇ ਸਾਰੇ ਕੇਸ ਵੇਖਦੇ ਹਨ।



ਕਰਨ ਦੇ ਪਿਤਾ ਪੰਜਾਬ ਸਰਕਾਰ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਨ। ਇਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਕਰਨ ਦੀ ਮਾਤਾ ਤੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਥਾਪ ਦਿੱਤਾ ਸੀ। ਹੁਣ ਮੰਤਰੀ ਦੀ ਧੀ ਰਾਬੀਆ ਸਿੱਧੂ ਹੀ ਸਰਕਾਰੀ ਤੰਤਰ ਦਾ ਹਿੱਸਾ ਬਣਨੋਂ ਰਹਿ ਗਈ ਹੈ, ਬਾਕੀ ਸਾਰਾ ਸਿੱਧੂ ਪਰਿਵਾਰ ਐਡਜਸਟ ਹੋ ਚੁੱਕਾ ਹੈ।