ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਫ਼ਰੰਟ ਦਾ ਕਾਂਗਰਸ ਨਾਲ ਜਾਣ ਨੂੰ ਲੈ ਕੇ ਪੇਚ ਅਜੇ ਵੀ ਫਸਿਆ ਹੋਇਆ ਹੈ। ਅਸਲ ਵਿੱਚ ਕਾਂਗਰਸ ਸਿੱਧੂ ਅਤੇ ਉਨ੍ਹਾਂ ਦੇ ਫ਼ਰੰਟ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਜਦੋਂਕਿ ਸਿੱਧੂ ਸਿਰਫ਼ ਕਾਂਗਰਸ ਨੂੰ ਹਿਮਾਇਤ ਦੇ ਹੱਕ ਵਿੱਚ ਹਨ। ਇਸ ਗੱਲ ਨੂੰ ਲੈ ਕੇ ਦੋਵਾਂ ਧੜਿਆਂ ਵਿੱਚ ਪੇਚ ਫਸਿਆ ਹੋਇਆ ਹੈ।
ਕਾਂਗਰਸ ਦੀ ਦਲੀਲ ਇਹ ਵੀ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਸਿੱਧੂ ਖੇਮਾ ਕੁੱਝ ਸੀਟਾਂ ਜਿੱਤ ਜਾਂਦਾ ਹੈ ਤਾਂ ਉਨ੍ਹਾਂ ਦਾ ਕਾਂਗਰਸ ਤੋਂ ਵੱਖਰਾ ਹੋਣ ਦਾ ਰਸਤਾ ਖੁੱਲ੍ਹਾ ਹੋਵੇਗਾ। ਇਸ ਗੱਲ ਦੀ ਚਿੰਤਾ ਕਰਦਿਆਂ ਕਾਂਗਰਸ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਸਿੱਧੂ ਦਾ ਫ਼ਰੰਟ ਕਾਂਗਰਸ ਨੂੰ ਹਿਮਾਇਤ ਦੇਣਾ ਚਾਹੁੰਦਾ ਹੈ। ਸੂਤਰਾਂ ਦੇ ਅਨੁਸਾਰ ਸਿੱਧੂ ਨਾਲ ਤਾਲਮੇਲ ਨੂੰ ਕਾਂਗਰਸ ਰਾਜ਼ੀ ਹੋ ਗਈ ਹੈ ਅਤੇ ਇਸ ਦੇ ਲਈ ਫ਼ਾਰਮੂਲਾ ਵੀ ਤਿਆਰ ਹੋ ਗਿਆ ਹੈ। ਪਰ ਪੰਜਾਬ ਨੂੰ ਲੈ ਕੇ ਜੋ ਚੋਣ ਸਰਵੇਖਣ ਸਾਹਮਣੇ ਆਇਆ ਹੈ ਉਸ ਤੋਂ ਲੱਗ ਰਿਹਾ ਕਿ ਡੀਲ ਦੇ ਪਿੱਛੇ ਦੋਵਾਂ ਦਾ ਆਪਣਾ ਆਪਣਾ ਡਰ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਨਵਜੋਤ ਸਿੱਧੂ ਬਿਨਾਂ ਸ਼ਰਤ ਕਾਂਗਰਸ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਸਵਾਗਤ ਕੀਤਾ ਜਾਵੇਗਾ। ਪਰ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਸ਼ਰਤਾਂ ਨਾਲ ਕਾਂਗਰਸ ਵਿੱਚ ਕੋਈ ਵੀ ਵਿਅਕਤੀ ਸ਼ਾਮਲ ਨਹੀਂ ਹੋ ਸਕਦਾ। ਕੈਪਟਨ ਦੇ ਇਸ ਬਿਆਨ ਤੋਂ ਸਪਸ਼ਟ ਹੈ ਕਿ ਪਾਰਟੀ ਹਾਈ ਕਮਾਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਸਿੱਧੂ ਬਾਰੇ ਕੋਈ ਫ਼ੈਸਲਾ ਲੈਣ ਦੇ ਮੂਡ ਵਿੱਚ ਨਹੀਂ ਹੈ। ਸਿੱਧੂ ਨਾਲ ਤਾਲਮੇਲ ਦਾ ਜੋ ਫ਼ਾਰਮੂਲਾ ਤਿਆਰ ਹੋ ਰਿਹਾ ਉਸ ਦੇ ਅਨੁਸਾਰ ਕਾਂਗਰਸ ਛੇ ਸੀਟਾਂ ਉਨ੍ਹਾਂ ਲਈ ਛੱਡ ਸਕਦੀ ਹੈ।
ਸਰਕਾਰ ਬਣਨ ਦੀ ਸਥਿਤੀ ਵਿੱਚ ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਸੀਟ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੰਜਾਬ ਵਿੱਚ ਮੰਤਰੀ ਦਾ ਅਹੁਦਾ ਵੀ ਮਿਲ ਸਕਦਾ ਹੈ। ਬੀਜੇ ਪੀ ਤੋਂ ਨਾਤਾ ਤੋੜਨ ਤੋਂ ਬਾਅਦ ਸਿੱਧੂ ਨੇ ਅਸਲ ਵਿੱਚ ਆਮ ਆਦਮੀ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੁੱਖ ਮੰਤਰੀ ਦੇ ਅਹੁਦੇ ਉੱਤੇ ਕੇਜਰੀਵਾਲ ਨਾਲ ਸਹਿਮਤੀ ਨਾ ਬਣਨ ਕਾਰਨ ਇਹ ਗੱਲਬਾਤ ਅੱਧ ਵਿਚਾਲੇ ਟੁੱਟ ਗਈ। ਇੰਡੀਆ ਟੂਡੇ ਦੇ ਚੋਣ ਸਰਵੇਖਣ ਅਨੁਸਾਰ ਕਾਂਗਰਸ ਨੂੰ 117 ਵਿੱਚੋਂ 49 ਤੋਂ 55 ਸੀਟਾਂ, ਆਪ ਨੂੰ 42 ਤੋਂ 46 ਸੀਟਾਂ ਅਤੇ ਅਕਾਲੀ-ਬੀਜੇ ਪੀ ਨੂੰ 17 ਤੋਂ 21 ਸੀਟਾਂ ਮਿਲ ਸਕਦੀਆਂ ਹਨ।