ਨਵੀਂ ਦਿੱਲੀ: ਅੰਮ੍ਰਿਤਸਰ ਰੇਲ ਹਾਦਸੇ ਕਾਰਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਇਲਜ਼ਾਮ ਲੱਗ ਰਹੇ ਹਨ ਕਿ ਨਵਜੋਤ ਕੌਰ ਇੰਨੇ ਵੱਡੇ ਹਾਦਸੇ ਦੇ ਬਾਵਜੂਦ ਲੋਕਾਂ ਨੂੰ ਰੋਂਦੇ-ਕੁਰਲਾਉਂਦੇ ਛੱਡ ਮੌਕੇ ਤੋਂ ਚਲੀ ਗਈ ਸੀ। ਹਾਲਾਂਕਿ, ਉਹ ਕਹਿ ਰਹੇ ਹਨ ਕਿ ਉਹ ਘਟਨਾ ਤੋਂ ਪਹਿਲਾਂ ਹੀ ਸਮਾਗਮ ਵਿੱਚੋਂ ਨਿਕਲ ਚੁੱਕੀ ਸੀ। ਹੁਣ 19 ਅਕਤੂਬਰ ਦੀ ਉਸ ਖ਼ੌਫਨਾਕ ਸ਼ਾਮ ਦਾ ਇੱਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ, ਜਦ ਸੈਂਕੜੇ ਲੋਕਾਂ ਨੂੰ ਦਰੜਦੀ ਹੋਏ ਟ੍ਰੇਨ ਉੱਥੋਂ ਨਿਕਲ ਗਈ। ਹਾਲਾਂਕਿ, ਇਸ ਨਵੀਂ ਸੀਸੀਟੀਵੀ ਵਿੱਚ ਰੇਲ ਦੀਆਂ ਲੀਹਾਂ ਨਹੀਂ ਦਿੱਸਦੀਆਂ ਪਰ ਰਾਵਣ ਦਹਿਨ ਤੇ ਦੁਸਹਿਰਾ ਸਮਾਗਮ ਦੀ ਸਟੇਜ ਪੂਰੀ ਤਰ੍ਹਾਂ ਦਿੱਸ ਰਹੀ ਸੀ।

19 ਅਕਤੂਬਰ ਦੀ ਸ਼ਾਮ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰੇ ਮੇਲੇ ਵਿੱਚ ਰਾਵਣ ਦਹਿਨ ਦਾ ਸਮਾਗਮ ਹੋ ਰਿਹਾ ਸੀ। ਸ਼ਾਮ 6:40 ਵਜੇ ਨਵਜੋਤ ਕੌਰ ਸਿੱਧੂ ਉੱਥੇ ਸਟੇਜ 'ਤੇ ਪਹੁੰਚੀ। ਇਸ ਤੋਂ ਤਕਰੀਬਨ 14 ਮਿੰਟ ਬਾਅਦ ਯਾਨੀ 6:54 ਮਿੰਟ 'ਤੇ ਰਾਵਣ ਦੇ ਪੁਤਲੇ ਨੂੰ ਅੱਗ ਲਾਈ ਗਈ, ਉਦੋਂ ਸਿੱਧੂ ਮੰਚ 'ਤੇ ਹੀ ਮੌਜੂਦ ਸੀ। ਇਸ ਤੋਂ ਠੀਕ ਤੀਹ ਸੈਕੰਡ ਬਾਅਦ ਰੇਲ ਹਾਦਸਾ ਹੋਇਆ, ਜੋ ਇਸ ਸੀਸੀਟੀਵੀ ਵਿੱਚ ਨਹੀਂ ਦਿੱਸ ਰਿਹਾ।

ਰਾਵਣ ਦਹਿਨ ਦੇ ਕਰੀਬ 58 ਸੈਕੰਡ ਬਾਅਦ 6:55 'ਤੇ ਨਵਜੋਤ ਕੌਰ ਸਿੱਧੂ ਸਟੇਜ ਤੋਂ ਉੱਤਰ ਕੇ ਚਲੀ ਗਈ। ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਰੇਲਵੇ ਟ੍ਰੈਕ 'ਤੇ ਇੰਨੀ ਵੱਡਡੀ ਘਟਨਾ ਵਾਪਰ ਚੁੱਕੀ ਹੈ। ਨਵਜੋਤ ਕੌਰ ਦੇ ਮੰਚ ਤੋਂ ਜਾਣ ਤੋਂ ਬਾਅਦ ਰੌਲ਼ਾ ਪੈ ਗਿਆ ਤੇ ਲੋਕ ਤੁਰੰਤ ਰੇਲ ਦੀਆਂ ਲੀਹਾਂ ਵੱਲ ਭੱਜਣ ਲੱਗੇ ਤਾਂ ਪਤਾ ਲੱਗਾ ਕਿ ਰਾਵਣ ਨੂੰ ਸੜਦਾ ਵੇਖਦੇ ਲੋਕਾਂ ਨੂੰ ਇੱਕ ਟ੍ਰੇਨ ਨੇ ਦਰੜ ਦਿੱਤਾ ਤੇ ਲੀਹ 'ਤੇ ਲਾਸ਼ਾਂ ਹੀ ਲਾਸ਼ਾਂ ਵਿਛੀਆਂ ਪਈਆਂ ਹਨ।

ਹਾਲਾਂਕਿ, ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੀ ਪਤਨੀ ਦਾ ਬਚਾਅ ਕਰਦਿਆਂ ਰੇਲਵੇ ਵਿਭਾਗ ਉੱਪਰ ਹੀ ਸਵਾਲ ਚੁੱਕੇ।