ਅੰਮ੍ਰਿਤਸਰ ਪਹੁੰਚੇ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨੂੰ ਨਹੀਂ ਮਿਲੇ ਨਵਜੋਤ ਸਿੱਧੂ, ਪਾਰਟੀ ਦਾ ਕਲੇਸ਼ ਜਾਰੀ?
ਰਾਜਾ ਵੜਿੰਗ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਕਾਂਗਰਸੀ ਲੀਡਰਾਂ ਦੇ ਘਰਾਂ 'ਚ ਜਾ ਕੇ ਸਾਰਿਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰ ਰਹੇ ਹਨ ਪਰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਫਾਰਗ ਹੋਏ ਨਵਜੋਤ ਸਿੱਧੂ ਨਾਲ ਰਾਜਾ ਵੜਿੰਗ ਦੀ ਮੁਲਾਕਾਤ....
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਲਗਾਤਾਰ ਇਕਜੁੱਟਤਾ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਜ਼ਮੀਨੀ ਹਕੀਕਤ ਮੁਤਾਬਕ ਹਾਲੇ ਵੀ ਕਾਂਗਰਸ 'ਚ ਸਭ ਕੁਝ ਅੱਛਾ ਨਹੀਂ ਹੈ। ਇਸ ਦੀ ਮਿਸਾਲ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਥਾਪੇ ਗਏ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅੰਮ੍ਰਿਤਸਰ ਫੇਰੀ ਤੋਂ ਦੇਖਣ ਨੂੰ ਮਿਲੀ। ਰਾਜਾ ਵੜਿੰਗ ਨੇ ਅੱਜ ਸਵੇਰੇ ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਤੇ ਰਾਜਕੁਮਾਰ ਚੱਬੇਵਾਲ ਦਰਬਾਰ ਸਾਹਿਬ ਮੱਥਾ ਟੇਕਿਆ।
ਇਸ ਤੋਂ ਬਾਅਦ ਰਾਜਾ ਵੜਿੰਗ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਕਾਂਗਰਸੀ ਲੀਡਰਾਂ ਦੇ ਘਰਾਂ 'ਚ ਜਾ ਕੇ ਸਾਰਿਆਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰ ਰਹੇ ਹਨ ਪਰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਫਾਰਗ ਹੋਏ ਨਵਜੋਤ ਸਿੱਧੂ ਨਾਲ ਰਾਜਾ ਵੜਿੰਗ ਦੀ ਮੁਲਾਕਾਤ ਨਹੀਂ ਹੋ ਸਕੀ। ਭਾਵੇਂ ਕਿ ਰਾਜਾ ਦੇ ਸਿੱਧੂ ਪਰਿਵਾਰ ਨਾਲ ਚੰਗੇ ਸਬੰਧ ਹਨ ਪਰ ਸਿੱਧੂ ਨੇ ਅੱਜ ਰਾਜਾ ਵੜਿੰਗ ਨਾਲ ਮੁਲਾਕਾਤ ਨਹੀਂ ਕੀਤੀ।
ਇਸ ਤੋਂ ਆਮ ਚਰਚਾ ਇਹੋ ਚੱਲ ਰਹੀ ਹੈ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਹੈ। ਸਿੱਧੂ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪ੍ਰਧਾਨਗੀ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਸਿੱਧੂ ਤੇ ਉਨ੍ਹਾਂ ਨੇ ਸਮਰਥਕਾਂ ਨੂੰ ਉਮੀਦ ਸੀ ਕਿ ਕਾਂਗਰਸ ਹਾਈਕਮਾਂਡ ਸਿੱਧੂ ਨੂੰ ਦੁਬਾਰਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਸਿੱਧੂ ਲਗਾਤਾਰ ਕਾਂਗਰਸ ਦੇ ਆਗੂਆਂ ਨੇ ਮੀਟਿੰਗਾਂ ਕਰਕੇ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸਾਂਝੀਆ ਕਰ ਰਹੇ ਸਨ।
ਦੂਜੇ ਪਾਸੇ ਰਾਜਾ ਵੜਿੰਗ ਨੇ ਸਿੱਧੂ ਨਾਲ ਮੁਲਾਕਾਤ ਨਾ ਹੋਣ 'ਤੇ ਸਿਰਫ ਇੰਨਾ ਕਿਹਾ ਕਿ ਸਿੱਧੂ ਨਾਲ ਫੋਨ 'ਤੇ ਗੱਲ ਹੋਈ ਸੀ ਤੇ ਸਿੱਧੂ ਅੱਜ ਸਮਰਾਲੇ ਜਾ ਰਹੇ ਸਨ। ਰਾਜਾ ਵੜਿੰਗ ਨੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਕੋਲੋਂ ਬਕਾਇਦਾ ਅਸ਼ੀਰਵਾਦ ਵੀ ਲਿਆ ਤੇ ਸੀਨੀਅਰ ਆਗੂ ਸੁੱਖ ਸਰਕਾਰੀਆ ਦੇ ਘਰ ਜਾ ਕੇ ਉਨ੍ਹਾਂ ਨਾਲ ਵੀ ਚਰਚਾ ਕੀਤੀ।