ਆਮ ਆਦਮੀ ਪਾਰਟੀ ਲਈ ਨਵੀਂ ਮੁਸੀਬਤ, ਦੂਜੇ ਮੰਤਰੀ 'ਤੇ ਵੀ ਬਰਖਾਸਤਗੀ ਦੀ ਤਲਵਾਰ?
ਆਮ ਆਦਮੀ ਪਾਰਟੀ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਸਾਬਕਾ ਮੰਤਰੀ ਵਿਜੈ ਸਿੰਗਲਾ ਮਗਰੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਵਾਦਾਂ ਵਿੱਚ ਘਿਰ ਗਏ ਹਨ, ਵਿਰੋਧੀਆਂ ਦਾ ਹਮਲਾਵਰ ਰੁਖ ਦੇਖ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਸਾਬਕਾ ਮੰਤਰੀ ਵਿਜੈ ਸਿੰਗਲਾ ਮਗਰੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਵਾਦਾਂ ਵਿੱਚ ਘਿਰ ਗਏ ਹਨ। ਵਿਰੋਧੀਆਂ ਦਾ ਹਮਲਾਵਰ ਰੁਖ ਦੇਖ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੈਬਨਿਟ ਮੰਤਰੀ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਾਂ ਸਖਤ ਕਾਰਵਾਈ ਹੋਏਗੀ। ਉਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਵੀ ਕੀਤਾ ਜਾ ਸਕਦਾ ਹੈ।
ਦਰਅਸਲ ਇੱਕ ਆਡੀਓ ਕਲਿੱਪ ਲੀਕ ਹੋਣ ਮਗਰੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਵਾਦਾਂ ਵਿੱਚ ਘਿਰ ਗਏ ਹਨ। ਆਮ ਆਦਮੀ ਪਾਰਟੀ ਨੇ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਸੂਤਰਾਂ ਅਨੁਸਾਰ ਇੱਕ ਦੋ ਦਿਨਾਂ ਵਿੱਚ ਹੀ ਇਸ ਮਾਮਲੇ ’ਤੇ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਮਾਮਲੇ ਨੂੰ ਰਾਜ ਸਭਾ ਮੈਂਬਰ ਰਾਘਵ ਚੱਢਾ ਵੇਖ ਰਹੇ ਹਨ। ਉਨ੍ਹਾਂ ਨੇ ਲੰਘੇ ਦਿਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਤੇ ਉਨ੍ਹਾਂ ਪੁਰਾਣੇ ਓਐਸਡੀ ਤਰਸੇਮ ਲਾਲ ਕਪੂਰ ਨਾਲ ਮੀਟਿੰਗਾਂ ਵੀ ਕੀਤੀਆਂ ਹਨ।
ਦੱਸ ਦਈਏ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਸਰਾਰੀ ਤੇ ਉਨ੍ਹਾਂ ਦੇ ਓਐੱਸਡੀ ਤਰਸੇਮ ਲਾਲ ਕਪੂਰ ਦੀ ਆਪਸੀ ਗੱਲਬਾਤ ਦੀ ਆਡੀਓ ਲੀਕ ਹੋਈ ਸੀ। ਇਸ ਵਿੱਚ ਕਥਿਤ ਤੌਰ ’ਤੇ ਕਿਸੇ ਸੌਦੇਬਾਜ਼ੀ ਕੀਤੇ ਜਾਣ ਦੇ ਸੰਕੇਤ ਮਿਲਦੇ ਸਨ। ਇਸ ਮਗਰੋਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਨੂੰ ਘੇਰ ਰਹੀਆਂ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਸਰਾਰੀ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ।
ਇਹ ਵੀ ਅਹਿਮ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੀ ਸਰਕਾਰ ਦੇ ਮੰਤਰੀ ਵਿਜੈ ਸਿੰਗਲਾ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇੰਨੇ ਘੱਟ ਸਮੇਂ ਵਿੱਚ ਦੂਜੇ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਨਾਲ ਆਮ ਆਦਮੀ ਪਾਰਟੀ ਲਈ ਹੋਰ ਸੰਕਟ ਖੜ੍ਹਾ ਹੋ ਸਕਦਾ ਹੈ। ਇਸ ਲਈ ਹਾਈਕਮਾਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਂਝ ਇਸ ਬਾਰੇ ਅੰਤਿਮ ਫੈਸਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨੀ ਤੋਂ ਵਾਪਸ ਆਉਣ ਮਗਰੋਂ ਹੀ ਹੋਣ ਦੀ ਸੰਭਾਵਨਾ ਹੈ।