ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ‘ਚ ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਖਹਿਰਾ ਦੀ ਬਠਿੰਡਾ ਵਿੱਚ ਕਰਵਾਈ ਜਾ ਰਹੀ ਰੈਲੀ ਨੂੰ ਪੰਜਾਬ ਦੇ ਦਲਿਤ ਤੇ ਦੱਬੇ ਕੁਚਲੇ ਸਮਾਜ ਦੇ ਖ਼ਿਲਾਫ਼ ਕਰਾਰ ਦਿੱਤਾ। ਉਨ੍ਹਾਂ ਇਸ ਕਥਿਤ 'ਕਨਵੈਨਸ਼ਨ' ਨੂੰ ਆਰਐਸਐਸ, ਭਾਜਪਾ-ਅਕਾਲੀ ਦਲ ਬਾਦਲ ਤੇ ਬੈਂਸ ਭਰਾਵਾਂ ਵੱਲੋਂ ਸਪੌਂਸਰ ਕਰਾਰ ਦਿੱਤਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਰੈਲੀ ਨਾਲ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਨਾਂਅ ਤੇ ਤਸਵੀਰਾਂ ਦੀ ਗ਼ਲਤ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨਾਂ ਸਮੇਤ ਸਮੁੱਚੀ ਪਾਰਟੀ ਇਸ ਕਨਵੈਨਸ਼ਨ ਦਾ ਜ਼ੋਰਦਾਰ ਸਵਾਗਤ ਕਰਦੀ ਜੇਕਰ ਇਹ ਨਿੱਜ ਪ੍ਰਸਤੀ ਅਤੇ ਮੌਕਾਪ੍ਰਸਤੀ ਦੀ ਥਾਂ ਪੰਜਾਬ ਦੇ ਦਲਿਤਾਂ, ਕਿਸਾਨਾਂ, ਬੇਰੁਜ਼ਗਾਰਾਂ, ਮਹਿੰਗਾਈ, ਭ੍ਰਿਸ਼ਟਾਚਾਰ, ਮਾਫ਼ੀਆ ਰਾਜ ਅਤੇ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਵਰਗੇ ਭਖਵੇਂ ਮੁੱਦਿਆਂ ‘ਤੇ ਆਧਾਰਤ ਹੁੰਦੀ।

ਚੀਮਾ ਨੇ ਕਿਹਾ ਕਿ ਬੈਂਸ ਭਰਾ ਮੌਕਾ ਪ੍ਰਸਤ ਸਿਆਸਤ ਦੇ ਮਾਹਿਰ ਹਨ, ਜਿੰਨਾ ਨਾਲ ਰਹਿ ਕੇ ਗੱਠਜੋੜ ਧਰਮ ਨਿਭਾਉਣ ਦੀ ਥਾਂ ਆਮ ਆਦਮੀ ਪਾਰਟੀ ਨੂੰ ਭੰਨਣਾ-ਤੋੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਸਾਡੇ ਕੁਝ ਆਪਣੇ ਭਰਾ ਬੈਂਸਾਂ ਰਾਹੀਂ ਆਰਐਸਐਸ-ਭਾਜਪਾ ਅਤੇ ਅਕਾਲੀ ਦਲ ਵੱਲੋਂ ਦਿਖਾਏ 'ਸਬਜ਼ਬਾਗ਼' ‘ਚ ਆ ਗਏ।

ਉਨ੍ਹਾਂ ਪਾਰਟੀ ਦੇ ਵਲੰਟੀਅਰਾਂ, ਪਾਰਟੀ ਅਤੇ ਪੰਜਾਬ ਹਿਤੈਸ਼ੀਆਂ ਨੂੰ ਵੀ ਅਪੀਲ ਕੀਤੀ ਕਿ ਉਹ 'ਆਪ' ਨੂੰ ਤੋੜਨ ਅਤੇ ਦਲਿਤਾਂ ਨੂੰ ਲਤਾੜਨ ਵਾਲੀਆਂ ਹੰਕਾਰੀ ਤਾਕਤਾਂ ਤੋਂ ਸਾਵਧਾਨ ਰਹਿਣ।